ਬਾਬਾ ਰਾਮਦੇਵ ਦਾ ਕੋਰੋਨਾ ਨੂੰ ਖਤਮ ਕਰਨ ਦਾ ਦਾਅਵਾ, ਬੋਲੇ-ਪਤੰਜਲੀ 'ਚ ਦਵਾਈ 'ਤੇ ਸੋਧ ਹੋਇਆ ਪੂਰਾ
Thursday, Jun 11, 2020 - 02:57 PM (IST)
ਨਵੀਂ ਦਿੱਲੀ- ਪੂਰੀ ਦੁਨੀਆ 'ਚ ਜਿੱਥੇ ਕੋਵਿਡ-19 ਵਰਗੇ ਮਹਾਮਾਰੀ ਕਾਰਨ ਜਿੱਥੇ ਲੱਖਾਂ ਲੋਕ ਮੌਤ ਦੇ ਮੂੰਹ 'ਚ ਜਾ ਚੁਕੇ ਹਨ, ਉੱਥੇ ਹੀ ਲੰਬੇ ਸਮੇਂ ਬਾਅਦ ਯੋਗ ਗੁਰੂ ਰਾਮਦੇਵ ਨੇ ਇਸ ਵਾਇਰਸ ਦਾ 100 ਫੀਸਦੀ ਤੋੜ ਲੱਭਣ ਦਾ ਦਾਅਵਾ ਕੀਤਾ ਹੈ। ਯੋਗ ਗੁਰੂ ਨੇ ਕਿਹਾ ਹੈ ਕਿ ਗਿਲੋਯ (Giloy) ਅਤੇ ਅਸ਼ਵਗੰਧਾ (Ashwagandha) ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ 'ਚ 100 ਫੀਸਦੀ ਕਾਰਗਰ ਹੈ।
ਇਕ ਨਿਊਜ਼ ਏਜੰਸੀ 'ਚ ਛਪੀ ਇਕ ਰਿਪੋਰਟ ਅਨੁਸਾਰ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਪਤੰਜਲੀ ਨੇ ਆਪਣਾ ਸੋਧ ਪੂਰਾ ਕਰ ਲਿਆ ਹੈ ਅਤੇ ਜਲਦ ਹੀ ਇਸ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਰੋਗੀਆਂ ਨੂੰ ਇਹ ਦੋਵੇਂ ਤੱਤ ਦਿੱਤੇ ਗਏ ਹਨ ਉਹ 100 ਫੀਸਦੀ ਠੀਕ ਹੋਏ ਹਨ। ਇਸ ਮੀਡੀਆ ਰਿਪੋਰਟ 'ਚ ਯੋਗ ਗੁਰੂ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਸਰੀਰ 'ਚ ਪ੍ਰਵੇਸ਼ ਕਰਨ ਤੋਂ ਬਾਅਦ ਪੂਰੀ ਪ੍ਰਤੀਰੋਧਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗਿਲੋਯ ਦੇ ਸੇਵਨ ਨਾਲ ਇਹ ਇਨਫੈਕਸ਼ਨ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ।
ਬਾਬਾ ਰਾਮਦੇਵ ਨੇ ਕਿਹਾ ਕਿ ਆਯੂਰਵੇਦ 'ਚ ਕੋਰੋਨਾ ਵਾਇਰਸ ਦਾ ਇਲਾਜ ਹੈ। ਆਯੂਰਵੇਦ ਨਾ ਸਿਰਫ਼ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਖਤਮ ਕਰ ਸਕਦਾ ਹੈ ਸਗੋਂ ਇਹ ਇਸ ਇਨਫੈਕਸ਼ਨ ਨੂੰ ਜੜ੍ਹ ਤੋਂ ਖਤਮ ਵੀ ਕਰ ਸਕਦਾ ਹੈ। ਦੱਸਣਯੋਗ ਹੈ ਕਿ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਦਿੱਲੀ ਦੇ ਵਿਗਿਆਨੀਆਂ ਦੇ ਇਕ ਸਮੂਹ ਨੇ ਏ.ਆਈ.ਐੱਸ.ਟੀ., ਜਾਪਾਨ ਨਾਲ ਮਿਲ ਕੇ ਕੀਤੇ ਗਏ ਇਕ ਸੋਧ 'ਚ ਇਹ ਵੀ ਪਾਇਆ ਹੈ ਕਿ ਆਯੂਰਵੈਦਿਕ ਜੜ੍ਹੀ ਬੂਟੀ, ਅਸ਼ਵਗੰਧਾ 'ਚ ਕੋਵਿਡ-19 ਨਾਲ ਲੜਨ 'ਚ ਮਜ਼ਬੂਤ ਸਮਰੱਥਾ ਹੈ।