ਆਫ ਦਿ ਰਿਕਾਰਡ : ਆਜ਼ਾਦ ਅਤੇ ਭਾਜਪਾ ਚਿੰਤਤ

Tuesday, Jan 03, 2023 - 12:25 PM (IST)

ਨਵੀਂ ਦਿੱਲੀ- ਆਪਣੀ ਖੁਦ ਦੀ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ. ਏ. ਪੀ.) ਬਣਾਉਣ ਲਈ ਕਾਂਗਰਸ ਛੱਡਣ ਵਾਲੇ ਗੁਲਾਮ ਨਬੀ ਆਜ਼ਾਦ ਇੰਨ੍ਹੀ ਦਿਨੀਂ ਚਿੰਤਾ ’ਚ ਹਨ। ਪਿਛਲੇ 50 ਸਾਲਾਂ ਤੋਂ ਸੰਗਠਿਤ ਕਾਂਗਰਸ ਪਾਰਟੀ ਦੀ ਪਿੱਠ ’ਤੇ ਸਵਾਰ ਰਹਿਣ ਵਾਲੇ ਆਜ਼ਾਦ ਨੂੰ ਆਪਣੇ ਦਮ ’ਤੇ ਪਾਰਟੀ ਨੂੰ ਕਿਵੇਂ ਚਲਾਇਆ ਜਾਂਦਾ ਹੈ, ਇਸ ਦਾ ਸਵਾਦ ਚੱਖਣ ਨੂੰ ਮਿਲ ਰਿਹਾ ਹੈ। ਆਜ਼ਾਦ ਦੀ 3 ਮਹੀਨੇ ਪੁਰਾਣੀ ਪਾਰਟੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਕਿਉਂਕਿ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੇ 3 ਸੀਨੀਅਰ ਨੇਤਾਵਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।

ਆਜ਼ਾਦ ਨੂੰ ਡਰ ਹੈ ਕਿ ਨਾਰਾਜ਼ ਨੇਤਾਵਾਂ ਨੂੰ ਕਾਂਗਰਸ ਵਿਚ ਵਾਪਸ ਪਰਤਣ ਦਾ ਲਾਲਚ ਦਿੱਤਾ ਜਾ ਸਕਦਾ ਹੈ, ਜੇਕਰ ਉਨ੍ਹਾਂ ਨੂੰ ਯਕੀਨ ਹੋ ਜਾਵੇ ਕਿ ਸੂਬਾ ਇਕਾਈ ਮਿਲ ਕੇ ਕੰਮ ਕਰ ਰਹੀ ਹੈ।

ਆਜ਼ਾਦ ਲਈ ਇਕ ਹੋਰ ਵੱਡੀ ਚਿੰਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਹੈ, ਜੋ ਜਨਵਰੀ ਦੇ ਅੰਤ ਤੱਕ ਕਸ਼ਮੀਰ ’ਚ ਦਾਖ਼ਲ ਹੋਣ ਦੀ ਤਿਆਰੀ ਕਰ ਰਹੀ ਹੈ ਅਤੇ ਨੈਸ਼ਨਲ ਕਾਨਫਰੰਸ ਅਤੇ ਮਹਿਬੂਬਾ ਮੁਫ਼ਤੀ ਦੀ ਪੀ. ਡੀ. ਪੀ. ਇਸ ’ਚ ਸ਼ਾਮਲ ਹੋ ਰਹੀਆਂ ਹਨ। ਇਸ ਨੇ ਕਾਂਗਰਸ ਦੀ ਸੁਸਤ ਪਈ ਸੂਬਾ ਇਕਾਈ ਨੂੰ ਨਵਾਂ ਜੀਵਨ ਦਿੱਤਾ ਹੈ, ਜੋ ਸੋਚਦੀ ਹੈ ਕਿ ਇਹ ਕੇਡਰ ਨੂੰ ਸਰਗਰਮ ਕਰੇਗੀ।

ਕਾਂਗਰਸ-ਐੱਨ. ਸੀ.-ਪੀ. ਡੀ. ਪੀ. ਵਿਚਾਲੇ ਏਕਤਾ ਨੇ ਭਾਜਪਾ ਲਈ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ, ਜੋ ਉਮੀਦ ਕਰ ਰਹੀ ਸੀ ਕਿ ਗੁਲਾਮ ਨਬੀ ਆਜ਼ਾਦ ਕਿਸੇ ਵੀ ਸਮੇਂ ਵਿਧਾਨ ਸਭਾ ਚੋਣਾਂ ’ਚ ਉਸ ਦੀ ਮਦਦ ਕਰਨਗੇ।

ਭਾਜਪਾ ਜੰਮੂ-ਕਸ਼ਮੀਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਆਪਣੇ ਮਿਸ਼ਨ ਕਸ਼ਮੀਰ ’ਚ ਭਾਜਪਾ ਗ਼ੁਲਾਮ ਨਬੀ ਆਜ਼ਾਦ, ਸੱਜਾਦ ਲੋਨ ਅਤੇ ਅਲਤਾਫ਼ ਬੁਖਾਰੀ ’ਤੇ ਕਾਫੀ ਨਿਰਭਰ ਹੈ। ਭਾਜਪਾ ਦੇ ਚੋਟੀ ਦੇ ਨੇਤਾਵਾਂ ਦਾ ਜੰਮੂ-ਕਸ਼ਮੀਰ ਦਾ ਲਗਾਤਾਰ ਦੌਰਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉੱਥੇ 3 ਦਿਨ ਰੁਕਣਾ ਪਾਰਟੀ ਦੀ ਉਤਸ਼ਾਹੀ ਯੋਜਨਾ ਦਾ ਸਪੱਸ਼ਟ ਸੰਕੇਤ ਹੈ।

ਭਾਜਪਾ ਹਿੰਦੂ ਬਹੁਗਿਣਤੀ ਵਾਲੇ ਜੰਮੂ-ਊਧਮਪੁਰ ਖੇਤਰ ’ਚ ਜ਼ਿਆਦਾਤਰ ਸੀਟਾਂ ਜਿੱਤਦੀ ਹੈ ਪਰ ਮੁਸਲਿਮ ਬਹੁ-ਗਿਣਤੀ ਵਾਲੀ ਕਸ਼ਮੀਰ ਘਾਟੀ ’ਚ ਕੁਝ ਖਾਸ ਕਰਨ ’ਚ ਅਸਫਲ ਰਹੀ ਹੈ। ਹੱਦਬੰਦੀ ਕਮਿਸ਼ਨ ਨੇ ਹਾਲ ਹੀ ’ਚ ਜੰਮੂ ਖੇਤਰ ’ਚ 6 ਹੋਰ ਸੀਟਾਂ ਜੋੜੀਆਂ ਹਨ, ਜਿਸ ਨਾਲ ਇਹ ਲਗਭਗ ਕਸ਼ਮੀਰ ਦੇ ਬਰਾਬਰ ਹੋ ਗਈਆਂ ਹਨ। ਜੰਮੂ ’ਚ ਪਹਿਲਾਂ 37 ਸੀਟਾਂ ਸਨ। ਛੇ ਨਵੇਂ ਹਲਕੇ ਬਣਨ ਨਾਲ ਇਹ ਵਧ ਕੇ 43 ਹੋ ਗਈਆਂ। ਇਸ ਦੇ ਉਲਟ, ਕਸ਼ਮੀਰ ’ਚ ਸਿਰਫ ਇਕ ਹੋਰ ਚੋਣ ਹਲਕਾ ਜੋੜਿਆ ਗਿਆ, ਜਿਸ ਨਾਲ ਉਨ੍ਹਾਂ ਦੀ ਗਿਣਤੀ 47 ਹੋ ਗਈ।


Rakesh

Content Editor

Related News