ਆਯੁਸ਼ਮਾਨ ਭਾਰਤ ਯੋਜਨਾ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ: ਕੇਜਰੀਵਾਲ
Friday, Jan 17, 2025 - 05:38 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਆਯੁਸ਼ਮਾਨ ਭਾਰਤ ਸਿਹਤ ਯੋਜਨਾ ਨੂੰ ਦੇਸ਼ ਦਾ ਸਭ ਤੋਂ ਵੱਡਾ ਘਪਲਾ ਦੱਸਿਆ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਹੁਕਮ 'ਤੇ ਰੋਕ ਲਗਾ ਦਿੱਤੀ ਸੀ, ਜਿਸ 'ਚ ਦਿੱਲੀ ਸਰਕਾਰ ਨੂੰ ਰਾਜਧਾਨੀ 'ਚ ਯੋਜਨਾ ਨੂੰ ਲਾਗੂ ਕਰਨ ਲਈ ਕੇਂਦਰ ਨਾਲ ਸਮਝੌਤਾ ਕਰਨ ਲਈ ਕਿਹਾ ਗਿਆ ਸੀ। ਪ੍ਰੈੱਸ ਕਾਨਫਰੰਸ 'ਚ ਕੇਜਰੀਵਾਲ ਨੇ ਆਯੁਸ਼ਮਾਨ ਭਾਰਤ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਿਦਿਆਰਥੀਆਂ ਲਈ ਮੁਫਤ ਬੱਸ ਸਫਰ ਅਤੇ ਮੈਟਰੋ ਦੀ ਸਵਾਰੀ ਵਿਚ 50 ਫੀਸਦੀ ਛੋਟ ਦੇਣ ਦੇ ਵਾਅਦੇ ਦਾ ਐਲਾਨ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਪੁਸ਼ਟੀ ਕੀਤੀ ਹੈ ਕਿ ਇਹ ਇਕ ਧੋਖਾਧੜੀ ਵਾਲੀ ਯੋਜਨਾ ਹੈ। ਆਯੁਸ਼ਮਾਨ ਭਾਰਤ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਹੈ। ਜਦੋਂ ਕੇਂਦਰ ਸਰਕਾਰ ਬਦਲੇਗੀ ਅਤੇ ਇਨ੍ਹਾਂ ਘੁਟਾਲਿਆਂ ਦੀ ਜਾਂਚ ਹੋਵੇਗੀ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਆਯੁਸ਼ਮਾਨ ਭਾਰਤ ਅਸਲ ਵਿਚ ਕਿੰਨਾ ਵੱਡਾ ਘੁਟਾਲਾ ਸੀ। ਦੱਸ ਦੇਈਏ ਕਿ ਰਾਜਧਾਨੀ 'ਚ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਕੇਂਦਰ ਵਿਚਾਲੇ ਟਕਰਾਅ ਦੀ ਸਥਿਤੀ ਰਹੀ ਹੈ। ਇਹ ਯੋਜਨਾ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਲਾਗੂ ਕੀਤੀ ਗਈ ਹੈ।