ਅਯੁੱਧਿਆ ''ਤੇ ਫੈਸਲੇ ਤੋਂ ਪਹਿਲਾਂ UP ਅਲਰਟ, ਖੁੱਲ੍ਹੇ ''ਚ ਪੈਟਰੋਲ, ਤੇਜ਼ਾਬ ਦੀ ਵਿਕਰੀ ''ਤੇ ਰੋਕ

Friday, Nov 08, 2019 - 04:29 PM (IST)

ਅਯੁੱਧਿਆ ''ਤੇ ਫੈਸਲੇ ਤੋਂ ਪਹਿਲਾਂ UP ਅਲਰਟ, ਖੁੱਲ੍ਹੇ ''ਚ ਪੈਟਰੋਲ, ਤੇਜ਼ਾਬ ਦੀ ਵਿਕਰੀ ''ਤੇ ਰੋਕ

ਗਾਜ਼ੀਆਬਾਦ— ਅਯੁੱਧਿਆ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦਿਤ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਅਲਰਟ ਹੈ। ਗ੍ਰਹਿ ਮੰਤਰਾਲੇ ਨੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਸੂਬਾ ਸਰਕਾਰ ਦੀ ਮਦਦ ਨਾਲ ਉੱਤਰ ਪ੍ਰਦੇਸ਼ ਵਿਚ ਨੀਮ ਫੌਜੀ ਬਲਾਂ ਦੇ ਕਰੀਬ 4,000 ਜਵਾਨ ਤਾਇਨਾਤ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨਹੀਂ ਹੋਣੀ ਚਾਹੀਦੀ। ਇਸ ਲਈ ਫੈਸਲੇ ਤੋਂ ਪਹਿਲਾਂ ਗਾਜ਼ੀਆਬਾਦ ਪ੍ਰਸ਼ਾਸਨ ਨੇ ਪੈਟਰੋਲ, ਤੇਜ਼ਾਬ ਸਮੇਤ ਜਲਣਸ਼ੀਲ ਪਦਾਰਥਾਂ ਦੀ ਖੁੱਲ੍ਹੀ ਵਿਕਰੀ 'ਤੇ ਰੋਕ ਲਾ ਦਿੱਤੀ ਹੈ। ਗਾਜ਼ੀਆਬਾਦ ਦੇ ਸੀ. ਡੀ. ਐੱਮ. ਸਦਰ ਨੇ ਸ਼ੁੱਕਰਵਾਰ ਭਾਵ ਅੱਜ ਹੁਕਮ ਜਾਰੀ ਕੀਤਾ ਹੈ, ਜਿਸ ਦਾ ਪਾਲਣ ਨਾ ਕਰਨ 'ਤੇ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ 2.77 ਏਕੜ ਦੀ ਵਿਵਾਦਿਤ ਜ਼ਮੀਨ 'ਤੇ ਫੈਸਲਾ ਸੁਣਾਵੇਗੀ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ 14-15 ਦੀ ਤਰੀਕ ਨੂੰ ਫੈਸਲਾ ਆ ਜਾਵੇਗਾ। ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰਡ ਹੋ ਰਹੇ ਹਨ, ਅਜਿਹੇ ਵਿਚ 15 ਨਵੰਬਰ ਜਾਂ ਇਸ ਤੋਂ ਪਹਿਲਾਂ ਵੀ ਫੈਸਲਾ ਆਉਣਾ ਤੈਅ ਹੈ। ਅਯੁੱਧਿਆ ਮਾਮਲੇ ਦੇ ਫੈਸਲੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਦੀ ਹਿਦਾਇਤ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਵੀ ਸਾਰੇ ਸੂਬਿਆਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਦੇਸ਼ ਵਿਚ ਕਿਤੇ ਵੀ ਕੋਈ ਅਣਹੋਣੀ ਘਟਨਾ ਨਾ ਵਾਪਰੇ।


author

Tanu

Content Editor

Related News