ਜਾਣੋ ਰਾਮ ਮੰਦਰ ਦੀਆਂ ਵਿਸ਼ੇਸ਼ਤਾਵਾਂ, 25 ਫੁੱਟ ਦੂਰ ਤੋਂ ਸ਼ਰਧਾਲੂ ਕਰ ਸਕਣਗੇ ਭਗਵਾਨ ਸ਼੍ਰੀਰਾਮ ਦੇ ਦਰਸ਼ਨ
Friday, Jan 05, 2024 - 01:29 PM (IST)
ਅਯੁੱਧਿਆ- ਪਹਿਲੀ ਵਾਰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਦੇਸ਼ ਅਤੇ ਦੁਨੀਆ ਦੇ ਸ਼ਰਧਾਲੂਆਂ ਨੂੰ ਸੋਸ਼ਲ ਮੀਡੀਆ 'ਤੇ ਰਾਮ ਮੰਦਰ ਦੇ ਨਿਰਮਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਸ਼ਰਧਾਲੂਆਂ ਨੂੰ ਮੰਦਰ ਦੇ ਸਰੂਪ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ ਗਿਆ। ਉਦਘਾਟਨ ਤੋਂ ਬਾਅਦ ਰਾਮ ਮੰਦਰ ਰੋਜ਼ਾਨਾ 14 ਘੰਟੇ ਖੁੱਲ੍ਹਾ ਰਹੇਗਾ, ਡੇਢ ਲੱਖ ਸ਼ਰਧਾਲੂ ਦਰਸ਼ਨ ਕਰ ਸਕਣਗੇ। ਸ਼ਰਧਾਲੂ 32 ਪੌੜੀਆਂ ਚੜ੍ਹ ਕੇ ਰਾਮਲਲਾ ਦੇ ਦਰਸ਼ਨ ਕਰਨਗੇ। ਇਸ ਤੋਂ ਪਹਿਲਾਂ ਮੰਦਰ ਦੇ ਪ੍ਰਵੇਸ਼ ਦੁਆਰ 'ਚ ਕਦਮ ਰੱਖਦੇ ਹੀ ਭਗਵਾਨ ਗਣਪਤੀ ਅਤੇ ਹਨੂੰਮਾਨ ਦੇ ਦਰਸ਼ਨ ਹੋਣਗੇ। ਮੰਦਰ ਦੇ ਸਾਹਮਣੇ ਗਰੁੜ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ।
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਵਿਸ਼ਨੂੰ ਦੀਆਂ ਅੱਠ ਦਿਸ਼ਾਵਾਂ, ਅੱਠ ਬਾਹਾਂ ਅਤੇ ਅੱਠ ਰੂਪਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਵਨ ਅਸਥਾਨ ਨੂੰ ਅਸ਼ਟਭੁਜ ਬਣਾਇਆ ਗਿਆ ਹੈ। ਪਾਵਨ ਅਸਥਾਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸ਼ਰਧਾਲੂ 25 ਫੁੱਟ ਦੂਰ ਤੋਂ ਹੀ ਭਗਵਾਨ ਰਾਮ ਦੇ ਦਰਸ਼ਨ ਕਰ ਸਕਣਗੇ। ਮੰਦਰ ਵਿਚ ਵਿਸ਼ਨੂੰ ਦੇ ਦਸ਼ਾਵਤਾਰ, 64 ਯੋਗਿਨੀਆਂ, 52 ਸ਼ਕਤੀਪੀਠਾਂ ਅਤੇ ਸੂਰਜ ਦੇ 12 ਰੂਪਾਂ ਦੀਆਂ ਮੂਰਤੀਆਂ ਵੀ ਉੱਕਰੀਆਂ ਗਈਆਂ ਹਨ। ਹਰੇਕ ਥੰਮ੍ਹ 'ਚ 16 ਮੂਰਤੀਆਂ ਉੱਕਰੀਆਂ ਗਈਆਂ ਹਨ। ਮੰਦਰ 'ਚ ਕੁੱਲ 250 ਅਜਿਹੇ ਥੰਮ ਹਨ।
ਅਯੁੱਧਿਆ 'ਚ ਉਸਾਰੀ ਅਧੀਨ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੀਆਂ ਵਿਸ਼ੇਸ਼ਤਾਵਾਂ
-ਮੰਦਰ ਨੂੰ ਰਵਾਇਤੀ ਨਗਰ ਸ਼ੈਲੀ ਵਿੱਚ ਬਣਾਇਆ ਜਾ ਰਿਹਾ ਹੈ।
-ਮੰਦਰ ਦੀ ਲੰਬਾਈ (ਪੂਰਬ ਤੋਂ ਪੱਛਮ) 380 ਫੁੱਟ, ਚੌੜਾਈ 250 ਫੁੱਟ ਅਤੇ ਉਚਾਈ 161 ਫੁੱਟ ਹੋਵੇਗੀ।
-ਮੰਦਰ ਤਿੰਨ ਮੰਜ਼ਿਲਾ ਹੋਵੇਗਾ। ਹਰ ਮੰਜ਼ਿਲ ਦੀ ਉਚਾਈ 20 ਫੁੱਟ ਹੋਵੇਗੀ। ਮੰਦਰ 'ਚ ਕੁੱਲ 392 ਥੰਮ੍ਹ ਅਤੇ 44 ਦਰਵਾਜ਼ੇ ਹੋਣਗੇ।
-ਮੁੱਖ ਗਰਭ ਗ੍ਰਹਿ ਸ਼੍ਰੀ ਰਾਮ ਦਾ ਬਾਲ ਰੂਪ ਅਤੇ ਪਹਿਲੀ ਮੰਜ਼ਿਲ 'ਤੇ ਰਾਮ ਦਰਬਾਰ ਹੋਵੇਗਾ।
-ਮੰਦਰ 'ਚ 5 ਮੰਡਪ ਹੋਣਗੇ-ਨ੍ਰਿਤ ਮੰਡਪ, ਰੰਗ ਮੰਡਪ, ਸਭਾ ਮੰਡਪ, ਪ੍ਰਾਰਥਨਾ ਮੰਡਪ ਅਤੇ ਕੀਰਤਨ ਮੰਡਪ।
-ਥੰਮ੍ਹਾਂ ਅਤੇ ਕੰਧਾਂ 'ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉੱਕਰੀਆਂ ਜਾ ਰਹੀਆਂ ਹਨ।
-32 ਪੌੜੀਆਂ ਚੜ੍ਹ ਕੇ ਸਿੰਘ ਦੁਆਰ ਤੋਂ ਮੰਦਰ ਵਿਚ ਪ੍ਰਵੇਸ਼ ਪੂਰਬ ਵਾਲੇ ਪਾਸੇ ਤੋਂ ਹੋਵੇਗਾ।
-ਦਿਵਿਯਾਂਗਾਂ ਅਤੇ ਬਜ਼ੁਰਗਾਂ ਲਈ ਮੰਦਰ 'ਚ ਰੈਂਪ ਅਤੇ ਲਿਫਟ ਦਾ ਪ੍ਰਬੰਧ ਹੋਵੇਗਾ।
-ਮੰਦਰ ਦੇ ਚਾਰੇ ਪਾਸੇ ਆਇਤਾਕਾਰ ਕੰਧ ਹੋਵੇਗੀ। ਇਸ ਦੀ ਕੁੱਲ ਲੰਬਾਈ 732 ਮੀਟਰ ਅਤੇ ਚੌੜਾਈ 14 ਫੁੱਟ ਹੋਵੇਗੀ।
-ਚਾਰੋਂ ਕੋਨਿਆਂ 'ਤੇ ਸੂਰਜ ਭਗਵਾਨ, ਮਾਂ ਭਗਵਤੀ, ਗਣਪਤੀ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਚਾਰ ਮੰਦਰ ਬਣਾਏ ਜਾਣਗੇ। ਉੱਤਰੀ ਭੁਜਾ 'ਚ ਮਾਂ ਅੰਨਪੂਰਨਾ ਦਾ ਮੰਦਰ ਅਤੇ ਦੱਖਣੀ ਭੁਜਾ 'ਚ ਹਨੂੰਮਾਨ ਜੀ ਦਾ ਮੰਦਰ ਹੋਵੇਗਾ।
-ਪ੍ਰਾਚੀਨ ਕਾਲ ਦਾ ਸੀਤਕਰੂਪ ਮੰਦਰ ਦੇ ਕੋਲ ਮੌਜੂਦ ਹੋਵੇਗਾ।
- ਮੰਦਰ ਕੰਪਲੈਕਸ 'ਚ ਮਹਾਰਿਸ਼ੀ ਵਾਲਮੀਕਿ, ਮਹਾਰਿਸ਼ੀ ਵਸ਼ਿਸ਼ਟ, ਮਹਾਰਿਸ਼ੀ ਵਿਸ਼ਵਾਮਿੱਤਰ, ਮਹਾਰਿਸ਼ੀ ਅਗਸਤਯ, ਨਿਸ਼ਾਦਰਾਜ, ਮਾਤਾ ਸ਼ਬਰੀ ਅਤੇ ਰਿਸ਼ੀ ਦੀ ਪਤਨੀ ਦੇਵੀ ਅਹਿਲਿਆ ਦਾ ਮੰਦਰ ਹੋਵੇਗਾ।
- ਦੱਖਣ-ਪੱਛਮੀ ਹਿੱਸੇ 'ਚ ਨਵਰਤਨ ਕੁਬੇਰ ਟਿੱਲਾ 'ਤੇ ਭਗਵਾਨ ਸ਼ਿਵ ਦੇ ਪ੍ਰਾਚੀਨ ਮੰਦਰ ਦਾ ਨਵੀਨੀਕਰਨ ਕੀਤਾ ਗਿਆ ਹੈ, ਉੱਥੇ ਜਟਾਯੂ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ।
- ਮੰਦਰ 'ਚ ਲੋਹੇ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਜ਼ਮੀਨ 'ਤੇ ਕੋਈ ਵੀ ਕੰਕਰੀਟ ਨਹੀਂ ਹੈ।
- ਮੰਦਰ ਦੇ ਹੇਠਾਂ 14 ਮੀਟਰ ਮੋਟਾ ਰੋਲਰ ਕੰਪੈਕਟਡ ਕੰਕਰੀਟ ਵਿਛਾਇਆ ਗਿਆ ਹੈ। ਇਸ ਨੂੰ ਨਕਲੀ ਚੱਟਾਨ ਦਾ ਰੂਪ ਦਿੱਤਾ ਗਿਆ ਹੈ।
- ਮੰਦਰ ਨੂੰ ਮਿੱਟੀ ਦੀ ਨਮੀ ਤੋਂ ਬਚਾਉਣ ਲਈ ਗ੍ਰੇਨਾਈਟ ਦਾ 21 ਫੁੱਟ ਉੱਚਾ ਪਲਿੰਥ ਬਣਾਇਆ ਗਿਆ ਹੈ।
- ਸੀਵਰ ਟ੍ਰੀਟਮੈਂਟ ਪਲਾਂਟ, ਵਾਟਰ ਟ੍ਰੀਟਮੈਂਟ ਪਲਾਂਟ, ਅੱਗ ਬੁਝਾਉਣ ਲਈ ਪਾਣੀ ਦੀ ਵਿਵਸਥਾ ਅਤੇ ਸੁਤੰਤਰ ਪਾਵਰ ਸਟੇਸ਼ਨ ਦਾ ਨਿਰਮਾਣ ਕੀਤਾ ਗਿਆ ਹੈ, ਤਾਂ ਜੋ ਬਾਹਰੀ ਸਰੋਤਾਂ 'ਤੇ ਘੱਟ ਤੋਂ ਘੱਟ ਨਿਰਭਰਤਾ ਹੋਵੇ।
- 25 ਹਜ਼ਾਰ ਦੀ ਸਮਰੱਥਾ ਵਾਲਾ ਵਿਜ਼ਿਟਰ ਫੈਸੀਲੀਟੇਸ਼ਨ ਸੈਂਟਰ (Pilgrims Facility Centre) ਬਣਾਇਆ ਜਾ ਰਿਹਾ ਹੈ, ਜਿੱਥੇ ਆਉਣ ਵਾਲਿਆਂ ਭਗਤਾਂ ਦਾ ਸਾਮਾਨ ਰੱਖਣ ਅਤੇ ਮੈਡੀਕਲ ਸਹੂਲਤਾਂ ਲਈ ਲਾਕਰ ਹੋਣਗੇ।
- ਮੰਦਰ ਕੰਪਲੈਕਸ 'ਚ ਬਾਥਰੂਮ, ਟਾਇਲਟ, ਵਾਸ਼ ਬੇਸਿਨ, ਖੁੱਲੀ ਟੂਟੀ ਆਦਿ ਦੀ ਸੁਵਿਧਾ ਵੀ ਹੋਵੇਗੀ।
- ਮੰਦਰ ਦਾ ਨਿਰਮਾਣ ਪੂਰੀ ਤਰ੍ਹਾਂ ਭਾਰਤੀ ਪਰੰਪਰਾ ਮੁਤਾਬਕ ਅਤੇ ਸਵਦੇਸ਼ੀ ਤਕਨੀਕ ਨਾਲ ਕੀਤਾ ਜਾ ਰਿਹਾ ਹੈ।