ਉੱਤਰਾਖੰਡ 'ਚ ਬਰਫ਼ ਖਿਸਕਣ: 10 ਹੋਰ ਲਾਸ਼ਾਂ ਬਰਾਮਦ, ਮ੍ਰਿਤਕਾਂ ਦੀ ਗਿਣਤੀ 26 ਹੋਈ
Friday, Oct 07, 2022 - 12:13 PM (IST)
ਦੇਹਰਾਦੂਨ (ਭਾਸ਼ਾ)- ਉੱਤਰਕਾਸ਼ੀ 'ਚ 10 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਬਰਫੀਲੇ ਤੂਫਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ (ਐੱਨ.ਆਈ.ਐੱਮ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ.) ਦੇ 2 ਹੈਲੀਕਾਪਟਰਾਂ ਨੇ ਉੱਤਰਾਖੰਡ ਦੇ ਹਰਸ਼ੀਲ ਤੋਂ ਤਲਾਸ਼ੀ ਮੁਹਿੰਮ 'ਚ ਸਹਾਇਤਾ ਲਈ ਉਡਾਣ ਭਰੀ। ਐੱਨ.ਆਈ.ਐੱਮ. ਦੇ ਪਰਬਤਾਰੋਹੀ ਚੜ੍ਹਾਈ ਤੋਂ ਬਾਅਦ ਆਉਂਦੇ ਸਮੇਂ ਮੰਗਲਵਾਰ ਨੂੰ 17,000 ਫੁੱਟ ਦੀ ਉਚਾਈ 'ਤੇ ਦ੍ਰੋਪਦੀ ਦਾ ਡਾਂਡਾ-2 ਚੋਟੀ 'ਤੇ ਬਰਫੀਲੇ ਤੂਫਾਨ ਦੀ ਲਪੇਟ 'ਚ ਆ ਗਏ ਸਨ।
ਐੱਨ.ਆਈ.ਐੱਮ. ਨੇ ਦੱਸਿਆ ਕਿ ਜਿਸ ਜਗ੍ਹਾ ਬਰਫ਼ ਖਿਸਕੀ ਸੀ, ਉੱਥੋਂ ਵੀਰਵਾਰ ਸ਼ਾਮ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦੋਂ ਕਿ ਸ਼ੁੱਕਰਵਾਰ ਨੂੰ 7 ਲਾਸ਼ਾਂ ਬਰਾਮਦ ਹੋਈਆਂ। ਸੰਸਥਾ ਨੇ ਕਿਹਾ ਕਿ ਇਨ੍ਹਾਂ ਨੂੰ ਮਿਲਾ ਕੇ ਹੁਣ ਤੱਕ 26 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਸੰਸਥਾ ਅਨੁਸਾਰ ਇਨ੍ਹਾਂ 'ਚੋਂ 24 ਲਾਸ਼ਾਂ ਸਿਖਿਆਰਥੀਆਂ, ਜਦੋਂ ਕਿ 2 ਲਾਸ਼ਾਂ ਟਰੇਨਰਾਂ ਦੀਆਂ ਹਨ। ਥਲ ਸੈਨਾ, ਹਵਾਈ ਫ਼ੌਜ, ਐੱਨ.ਆਈ.ਐੱਮ., ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.), ਹਾਈ ਅਲਟੀਟਿਊਡ ਵਾਰਫੇਅਰ ਸਕੂਲ (ਜੰਮੂ ਕਸ਼ਮੀਰ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਲਾਸ਼ ਮੁਹਿੰਮ 'ਚ ਜੁਟੇ ਹਨ। ਇਹ ਮੁਹਿੰਮ ਮੰਗਲਵਾਰ ਨੂੰ ਬਰਫੀਲੇ ਤੂਫਾਨ ਦੇ ਕੁਝ ਘੰਟਿਆਂ ਬਾਅਦ ਸ਼ੁਰੂ ਹੋਈ ਸੀ।