ਦਿੱਲੀ ਹਵਾਈ ਅੱਡੇ ਤੋਂ 21 ਕਰੋੜ ਦੇ ਨਸ਼ੀਲੇ ਪਦਾਰਥਾਂ ਸਣੇ ਫੜਿਆ ਗਿਆ ਆਸਟ੍ਰੇਲੀਅਨ
Monday, Sep 23, 2019 - 10:03 AM (IST)

ਨਵੀਂ ਦਿੱਲੀ/ ਸਿਡਨੀ— ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਐਤਵਾਰ ਨੂੰ ਇਕ ਆਸਟ੍ਰੇਲੀਅਨ ਨਾਗਰਿਕ ਕੋਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਮਿਲੇ। ਇਸ ਦੀ ਕੀਮਤ ਲਗਭਗ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਆਸਟ੍ਰੇਲੀਅਨ ਨਾਗਰਿਕ ਮੁਹੰਮਦ ਉਮਰ ਟੁਰੇ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਫੌਜ ਦੇ ਬੁਲਾਰੇ ਨੇ ਦੱਸਿਆ,''ਐਤਵਾਰ ਸਵੇਰੇ ਲਗਭਗ 11.30 ਵਜੇ ਵਿਦੇਸ਼ੀ ਨਸ਼ੀਲੇ ਪਦਾਰਥ ਤਸਕਰ ਮੁਹੰਮਦ ਉਨਰ ਟੁਰੇ ਨੂੰ ਹਿਰਾਸਤ 'ਚ ਲਿਆ ਗਿਆ। ਉਸ ਕੋਲੋਂ ਆਸਟ੍ਰੇਲੀਆਈ ਪਾਸਪੋਰਟ ਮਿਲਿਆ ਹੈ। ਗ੍ਰਿਫਤਾਰੀ ਸਮੇਂ ਦੋਸ਼ੀ ਏਅਰ ਇੰਡੀਆ ਦੀ ਉਡਾਣ ਲੈ ਕੇ ਮੈਲਬੌਰਨ ਜਾਣ ਦੀ ਤਿਆਰੀ 'ਚ ਸੀ।''
ਜਾਣਕਾਰੀ ਮੁਤਾਬਕ ਉਸ ਕੋਲੋਂ 7 ਕਿਲੋ ਨਸ਼ੀਲੇ ਪਦਾਰਥ ਮਿਲੇ ਹਨ। ਇਸ ਨੂੰ ਛੋਟੇ-ਛੋਟੇ ਪੈਕਟਾਂ 'ਚ ਲੁਕੋ ਕੇ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅਗਲੀ ਜਾਂਚ ਕਰਨ ਲਈ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।