2041 ਤੱਕ ਆਸਾਮ ਬਣ ਜਾਏਗਾ ਮੁਸਲਿਮ ਬਹੁਗਿਣਤੀ ਸੂਬਾ : ਹਿਮੰਤ
Saturday, Jul 20, 2024 - 09:54 AM (IST)
ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸ਼ਵ ਸਰਮਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੂਬੇ ਵਿਚ ਹਰ 10 ਸਾਲਾਂ ਵਿਚ ਮੁਸਲਮਾਨਾਂ ਦੀ ਆਬਾਦੀ ਲੱਗਭਗ 30 ਫੀਸਦੀ ਵਧ ਰਹੀ ਹੈ ਅਤੇ ਉਹ 2041 ਤੱਕ ਬਹੁਗਿਣਤੀ ਹੋ ਜਾਣਗੇ। ਮੁੱਖ ਮੰਤਰੀ ਨੇ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ‘ਅੰਕੜਿਆਂ ਦੇ ਨਮੂਨੇ’ ਮੁਤਾਬਕ ਆਸਾਮ ਵਿਚ ਮੁਸਲਿਮ ਆਬਾਦੀ 40 ਫੀਸਦੀ ਹੈ। ਉਨ੍ਹਾਂ ਕਿਹਾ ਕਿ 2041 ਤੱਕ ਆਸਾਮ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਬਣ ਜਾਵੇਗਾ। ਇਹ ਇਕ ਅਸਲੀਅਤ ਹੈ ਅਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੀ ਆਬਾਦੀ ਹਰ 10 ਸਾਲ ਬਾਅਦ ਲੱਗਭਗ 16 ਫੀਸਦੀ ਵਧ ਰਹੀ ਹੈ। ਸਰਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੁਸਲਮਾਨ ਭਾਈਚਾਰੇ ਦੀ ਆਬਾਦੀ ਦੇ ਵਾਧੇ ਨੂੰ ਘਟਾਉਣ ਲਈ ਕਦਮ ਚੁੱਕੇ ਹਨ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਮੁਸਲਮਾਨਾਂ ਦੀ ਆਬਾਦੀ ਦੇ ਵਾਧੇ ਨੂੰ ਰੋਕਣ ਵਿਚ ਕਾਂਗਰਸ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ। ਜੇਕਰ ਰਾਹੁਲ ਗਾਂਧੀ ਆਬਾਦੀ ਕੰਟਰੋਲ ਦੇ ਬ੍ਰਾਂਡ ਅੰਬੈਸਡਰ ਬਣਦੇ ਹਨ ਤਾਂ ਇਸ ’ਤੇ ਕਾਬੂ ਪਾਇਆ ਜਾ ਸਕਦਾ ਹੈ ਕਿਉਂਕਿ ਭਾਈਚਾਰਾ ਸਿਰਫ ਉਨ੍ਹਾਂ ਦੀ ਸੁਣਦਾ ਹੈ।