ਪੁਲਸ ਨੇ ਟਰੱਕ ''ਚੋਂ ਬਰਾਮਦ ਕੀਤੀਆਂ 33 ਹਜ਼ਾਰ ਖੰਘ ਦੀ ਦਵਾਈ ਦੀਆਂ ਬੋਤਲਾਂ, ਕੀਮਤ ਹੈ 2 ਕਰੋੜ
Thursday, May 11, 2023 - 10:52 AM (IST)

ਕਰੀਮਗੰਜ- ਆਸਾਮ ਦੀ ਕਰੀਮਗੰਜ ਪੁਲਸ ਨੇ 3 ਲੋਕਾਂ ਨੂੰ ਫੜਿਆ ਹੈ। ਇਨ੍ਹਾਂ ਤੋਂ 2 ਕਰੋੜ ਰੁਪਏ ਦੀਆਂ 33,000 ਖੰਘ ਦੀ ਦਵਾਈ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ, ਜੋ ਕਿ ਉਹ ਆਸਾਮ-ਤ੍ਰਿਪੁਰਾ ਸਰਹੱਦ 'ਤੇ ਇਕ ਟਰੱਕ ਰਾਹੀਂ ਲੈ ਕੇ ਜਾ ਰਹੇ ਸਨ। ਪੁਲਸ ਮੁਤਾਬਕ ਫੜੇ ਗਏ ਦੋਸ਼ੀਆਂ ਦੀ ਪਛਾਣ ਜਿਲਾਨੀ, ਅਨਾਜ ਅਤੇ ਅਬਰਾਰ ਦੇ ਰੂਪ ਵਿਚ ਹੋਈ ਹੈ।
ਦਰਅਸਲ ਗੁਪਤ ਸੂਚਨਾ ਦੇ ਆਧਾਰ 'ਤੇ ਕਰੀਮਗੰਜ ਜ਼ਿਲ੍ਹੇ ਦੇ ਚੂਰਾਬਾੜੀ ਪੁਲਸ ਚੌਕੀ ਦੀ ਪੁਲਸ ਟੀਮ ਨੇ ਇਕ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਟਰੱਕ 'ਚ ਲੁੱਕੋ ਕੇ ਰੱਖੀ ਗਈ ਵੱਡੀ ਮਾਤਰਾ 'ਚ ਕਫ਼ ਸਿਰਪ (ਖੰਘ ਦੀ ਦਵਾਈ) ਦੀਆਂ ਬੋਤਲਾਂ ਬਰਾਮਦ ਕੀਤੀਆਂ। ਪੁਲਸ ਮੁਤਾਬਕ ਟਰੱਕ ਉੱਤਰ ਪ੍ਰਦੇਸ਼ ਤੋਂ ਤ੍ਰਿਪੁਰਾ ਦੇ ਅਗਰਤਲਾ ਜਾ ਰਿਹਾ ਸੀ। ਓਧਰ ਚੂਰਾਬਾੜੀ ਪੁਲਸ ਚੌਕੀ ਦੇ ਇਕ ਪੁਲਸ ਅਧਿਕਾਰੀ ਪ੍ਰਣਬ ਨੇ ਕਿਹਾ ਕਿ ਅਸੀਂ ਚੂਰਾਬਾੜੀ ਇਲਾਕੇ 'ਚ ਇਕ ਟਰੱਕ ਨੂੰ ਰੋਕਿਆ ਸੀ ਅਤੇ ਤਲਾਸ਼ੀ ਦੌਰਾਨ ਸਾਨੂੰ ਟਰੱਕ ਵਿਚੋਂ 33,000 ਖੰਘ ਦੀ ਦਵਾਈ ਦੀਆਂ ਬੋਤਲਾਂ ਮਿਲੀਆਂ। ਉਨ੍ਹਾਂ ਨੇ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਖੰਘ ਦੀ ਦਵਾਈ ਦੀਆਂ ਬੋਤਲਾਂ ਦੀ ਬਾਜ਼ਾਰੀ ਕੀਮਤ ਲੱਗਭਗ 2 ਕਰੋੜ ਰੁਪਏ ਹੈ।
ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨ. ਡੀ. ਪੀ. ਐਸ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਰੀਮਗੰਜ ਪੁਲਸ ਨੇ ਤ੍ਰਿਪੁਰਾ ਜਾਣ ਵਾਲੇ ਇਕ ਟਰੱਕ ਵਿਚੋਂ 35,300 ਖੰਘ ਦੀ ਦਵਾਈ ਦੀਆਂ ਬੋਤਲਾਂ ਜ਼ਬਤ ਕੀਤੀਆਂ ਸਨ ਅਤੇ ਐਤਵਾਰ ਰਾਤ ਨੂੰ ਚੂਰਾਬਾੜੀ ਖੇਤਰ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।