ਆਸਾਰਾਮ ਦੀ ਸਿਹਤ ''ਚ ਸੁਧਾਰ, ਅੰਤਰਿਮ ਜ਼ਮਾਨਤ ਦੀ ਸੁਣਵਾਈ 21 ਮਈ ਤੱਕ ਮੁਲਤਵੀ
Thursday, May 13, 2021 - 04:00 PM (IST)
ਜੋਧਪੁਰ- ਰਾਜਸਥਾਨ 'ਚ ਜੋਧਪੁਰ ਦੇ ਏਮਜ਼ ਹਸਪਤਾਲ 'ਚ ਦਾਖ਼ਲ ਯੌਨ ਉਤਪੀੜਨ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਉਸ ਦਾ ਬੀਪੀ ਅਤੇ ਆਕਸੀਜਨ ਲੇਵਲ ਆਮ ਹੈ। ਰਾਜਸਥਾਨ ਹਾਈ ਕੋਰਟ 'ਚ ਅੱਜ ਯਾਨੀ ਵੀਰਵਾਰ ਨੂੰ ਏਮਜ਼ ਵਲੋਂ ਪੇਸ਼ ਇਸ ਰਿਪੋਰਟ ਤੋਂ ਬਾਅਦ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 21 ਮਈ ਤੱਕ ਮੁਲਤਵੀ ਕਰ ਦਿੱਤੀ ਗਈ। ਅਦਾਲਤ ਨੇ 21 ਮਈ ਤੋਂ ਪਹਿਲਾਂ ਏਮਜ਼ ਤੋਂ ਉਸ ਦੀ ਸਿਹਤ ਨੂੰ ਲੈ ਕੇ ਨਵੀਂ ਰਿਪੋਰਟ ਮੰਗੀ ਹੈ। ਉਦੋਂ ਤੱਕ ਆਸਾਮ ਨੂੰ ਏਮਜ਼ 'ਚ ਹੀ ਰੱਖਿਆ ਜਾਵੇਗਾ। ਅਜਿਹੇ 'ਚ ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ 21 ਮਈ ਤੱਕ ਇੰਤਜ਼ਾਰ ਕਰਨਾ ਹੋਵੇਗਾ।
ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਆਸਾ ਰਾਮ ਵਲੋਂ ਆਪਣੀਆਂ ਹੋਰ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਹਾਈ ਕੋਰਟ 'ਚ ਜ਼ਮਾਨਤ ਪਟੀਸ਼ਨ ਪੇਸ਼ ਕੀਤੀ ਸੀ।
ਆਸਾਰਾਮ ਵਲੋਂ ਇਲਾਜ ਕਰਨ ਲਈ ਮਹੀਨੇ ਦੀ ਅੰਤਰਿਮ ਜ਼ਮਾਨਤ ਦੇਣ ਦੀ ਮੰਗ ਕੀਤੀ ਗਈ। ਇਸ 'ਤੇ ਅਦਾਲਤ ਨੇ ਏਮਜ਼ ਤੋਂ ਵੀਰਵਾਰ ਨੂੰ ਆਸਾਰਾਮ ਦੀ ਮੈਡੀਕਲ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਜੱਜ ਸੰਦੀਪ ਮੇਹਤਾ ਅਤੇ ਜੱਜ ਦੇਵੇਂਦਰ ਕੱਛਵਾਹ ਦੀ ਬੈਂਚ 'ਚ ਪਟੀਸ਼ਨ 'ਤੇ ਸੁਣਵਾਈ ਹੋਈ। ਦੱਸਣਯੋਗ ਹੈ ਕਿ ਜੇਲ੍ਹ 'ਚ ਆਸਾਰਾਮ ਦਾ ਦੂਜੇ ਬੰਦੀਆਂ ਨਾਲ ਕੋਰੋਨਾ ਸੈਂਪਲ ਲਿਆ ਗਿਆ ਸੀ। ਪਾਜ਼ੇਟਿਵ ਆਉਣ ਤੋਂ ਬਾਅਦ ਆਸਾਰਾਮ ਦਾ ਆਕਸੀਜਨ ਲੇਵਲ ਡਿੱਗਣਾ ਸ਼ੁਰੂ ਹੋ ਗਿਆ। ਬਾਅਦ 'ਚ ਉਸ ਨੂੰ ਮਹਾਤਮਾ ਗਾਂਧੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 2 ਦਿਨ ਪਹਿਲਾਂ ਉਸ ਨੂੰ ਸੁਰੱਖਿਆ ਕਾਰਨਾਂ ਕਰ ਕੇ ਜੋਧਪੁਰ ਏਮਜ਼ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਉੱਥੇ ਆਸਾਰਾਮ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ।