ਬਾਲਾਕੋਟ ਏਅਰਸਟ੍ਰਾਈਕ ਬਾਰੇ ਇਤਾਲਵੀ ਪੱਤਰਕਾਰ ਦਾ ਵੱਡਾ ਖੁਲਾਸਾ

Wednesday, May 08, 2019 - 05:22 PM (IST)

ਬਾਲਾਕੋਟ ਏਅਰਸਟ੍ਰਾਈਕ ਬਾਰੇ ਇਤਾਲਵੀ ਪੱਤਰਕਾਰ ਦਾ ਵੱਡਾ ਖੁਲਾਸਾ

ਨਵੀਂ ਦਿੱਲੀ/ਰੋਮ— ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਦੇ ਹਮਲੇ ਨੂੰ ਲੈ ਕੇ ਇਟਲੀ ਦੇ ਇਕ ਪੱਤਰਕਾਰ ਨੇ ਵੱਡਾ ਖੁਲਾਸਾ ਕੀਤਾ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਫਿਦਾਇਨ ਹਮਲੇ ਤੋਂ ਬਾਅਦ ਭਾਰਤ ਨੇ ਬਾਲਾਕੋਟ 'ਚ ਏਅਰ ਸਟ੍ਰਾਈਕ ਕੀਤੀ ਸੀ, ਕਾਂਗਰਸ ਸਣੇ ਕਈ ਵਿਰੋਧੀ ਦਲਾਂ ਨੇ ਇਸ 'ਤੇ ਸਵਾਲ ਚੁੱਕੇ ਸਨ। ਇਸੇ ਵਿਚਾਲੇ ਇਟਲੀ ਦੀ ਪੱਤਰਕਾਰ ਫ੍ਰੈਂਸੇਸਾ ਮੈਰਿਨੋ ਨੇ STRINGERASIA.IT 'ਚ ਇਸ ਘਟਨਾ ਦਾ ਸਾਰਾ ਬਿਓਰਾ ਛਾਪ ਦੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

ਮੈਰਿਨੋ ਨੇ ਲਿਖਿਆ ਹੈ ਕਿ 'ਭਾਰਤੀ ਹਵਾਈ ਫੌਜ ਨੇ ਤੜਕੇ ਸਾਢੇ ਤਿੰਨ ਵਜੇ ਹਮਲਾ ਕੀਤਾ। ਮੇਰੀ ਸੂਚਨਾ ਮੁਤਾਬਕ ਸ਼ਿੰਕਯਾਰੀ ਆਰਮੀ ਕੈਂਪ ਤੋਂ ਫੌਜ ਦੀ ਇਕ ਟੁਕੜੀ ਘਟਨਾ ਵਾਲੀ ਥਾਂ 'ਤੇ ਪਹੁੰਚੀ। ਫੌਜ ਦੀ ਟੁਕੜੀ ਹਮਲੇ ਦੇ ਦਿਨ ਸਵੇਰੇ 6 ਵਜੇ ਘਟਨਾ ਵਾਲੀ ਥਾਂ 'ਤੇ ਪਹੁੰਚੀ। ਸ਼ਿੰਕਯਾਰੀ ਬਾਲਾਕੋਟ ਤੋਂ 20 ਕਿਲੋਮੀਟਰ ਦੂਰ ਹੈ ਤੇ ਇਹ ਪਾਕਿਸਤਾਨੀ ਆਰਮੀ ਦਾ ਬੇਸ ਕੈਂਪ ਵੀ ਹੈ। ਇਸ ਥਾਂ 'ਤੇ ਪਾਕਿਸਤਾਨੀ ਫੌਜ ਦੇ ਜੂਨੀਅਰ ਲੀਡਰ ਅਕੈਡਮੀ ਵੀ ਹੈ। ਆਰਮੀ ਦੀ ਟੁਕੜੀ ਦੇ ਬਾਲਾਕੋਟ ਪਹੁੰਚਦੇ ਹੀ ਉਥੋਂ ਕਈ ਜ਼ਖਮੀਆਂ ਨੂੰ ਆਰਮੀ ਨੇ ਹਸਪਤਾਲ ਪਹੁੰਚਾਇਆ। ਸਥਾਨਕ ਸੂਤਰਾਂ ਮੁਤਾਬਕ ਆਰਮੀ ਕੈਂਪ 'ਚ ਅਜੇ ਤੱਕ 45 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਦੌਰਾਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।'

ਇਤਾਲਵੀ ਪੱਤਰਕਾਰ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਜੋ ਲੋਕ ਸਿਹਤਮੰਦ ਹੋ ਗਏ ਹਨ ਉਨ੍ਹਾਂ ਨੂੰ ਪਾਕਿਸਤਾਨੀ ਆਰਮੀ ਨੇ ਆਪਣੀ ਹਿਰਾਸਤ 'ਚ ਰੱਖਿਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਨਹੀਂ ਕੀਤਾ ਗਿਆ ਹੈ। ਕਈ ਹਫਤਿਆਂ 'ਚ ਛਾਨਬੀਨ ਕਰਕੇ ਆਪਣੇ ਸੋਰਸ ਦੇ ਰਾਹੀਂ ਜੋ ਜਾਣਕਾਰੀ ਮੈਂ ਇਕੱਠੀ ਕੀਤੀ ਹੈ, ਉਸ ਦੇ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਹਮਲੇ 'ਚ ਜੈਸ਼-ਏ-ਮੁਹੰਮਦ ਦੇ ਕਈ ਕੈਡਰ ਮਾਰੇ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 130 ਤੋਂ 170 ਤੱਕ ਹੋ ਸਕਦੀ ਹੈ। ਇਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਮੌਤ ਇਲਾਜ ਦੌਰਾਨ ਹੋਈ ਹੈ।

ਇਤਾਲਵੀ ਪੱਤਰਕਾਰ ਮੈਰਿਨੋ ਨੇ ਅੱਗੇ ਦੱਸਿਆ ਕਿ ਜੋ ਕੈਡਰ (ਅੱਤਵਾਦੀ) ਮਾਰੇ ਗਏ ਹਨ ਉਨ੍ਹਾਂ 'ਚ 11 ਟ੍ਰੇਨੀ ਵੀ ਸਨ। ਮ੍ਰਿਤਕਾਂ 'ਚ ਕੁਝ ਬੰਬ ਬਣਾਉਣ ਤੇ ਹਥਿਆਰ ਚਲਾਉਣ ਵਾਲੇ ਟ੍ਰੇਨੀ ਵੀ ਸ਼ਾਮਲ ਹਨ। ਜਿਨ੍ਹਾਂ ਪਰਿਵਾਰਾਂ ਦੇ ਲੋਕ ਹਮਲੇ 'ਚ ਮਾਰੇ ਗਏ, ਉਨ੍ਹਾਂ ਵਲੋਂ ਕੋਈ ਜਾਣਕਾਰੀ ਬਾਹਰ ਲੀਕ ਨਾ ਹੋਵੇ ਇਸ ਦੇ ਲਈ ਵੀ ਜੈਸ਼-ਏ-ਮੁਹੰਮਦ ਨੇ ਪੂਰੇ ਬੰਦੋਬਸਤ ਕੀਤੇ। ਮ੍ਰਿਤਕਾਂ ਦੇ ਘਰ ਜਾ ਕੇ ਜੈਸ਼ ਦੇ ਅੱਤਵਾਦੀਆਂ ਨੇ ਮੁਆਵਜ਼ਾ ਤੱਕ ਦਿੱਤਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ 'ਚ ਸਥਿਤ ਜੈਸ਼ ਦੇ ਸਭ ਤੋਂ ਵੱਡੇ ਅੱਤਵਾਦੀ ਕੈਂਪ 'ਤੇ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਦੀ ਯੋਜਨਾ ਬਣਾਉਣ 'ਚ 200 ਘੰਟਿਆਂ ਤੋਂ ਵੀ ਜ਼ਿਆਦਾ ਦਾ ਸਮਾਂ ਲੱਗਿਆ ਸੀ। ਭਾਰਤ 'ਚ ਕਿਸੇ ਵੀ ਥਾਂ 'ਤੇ ਦੂਜੇ ਫਿਦਾਇਨ ਹਮਲੇ ਨਾਲ ਜੁੜੀ ਖੁਫੀਆ ਜਾਣਕਾਰੀ ਤੋਂ ਬਾਅਦ ਇਸ ਹਮਲੇ ਦੀ ਯੋਜਨਾ ਸ਼ੁਰੂ ਹੋਈ ਸੀ।

ਸੂਤਰ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਆਤਮਘਾਤੀ ਹਮਲੇ ਦੇ ਸਿਰਫ ਦੋ ਦਿਨ ਬਾਅਦ ਸਰਕਾਰ ਨੂੰ ਖੁਫੀਆ ਜਾਣਕਾਰੀ ਮਿਲੀ ਸੀ। ਸੂਤਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ 'ਚ ਭਾਰਤ ਦੇ ਕਿਸੇ ਵੀ ਹਿੱਸੇ 'ਚ ਹੋਰ ਆਤਮਘਾਤੀ ਹਮਲੇ ਦੇ ਬਾਰੇ ਚਿਤਾਵਨੀ ਦਿੱਤੀ ਗਈ ਸੀ, ਜਿਸ ਦੇ ਪੁਲਵਾਮਾ ਦੀ ਤੁਲਨਾ 'ਚ ਕਿਤੇ ਜ਼ਿਆਦਾ ਵੱਡੇ ਹੋਣ ਦੀ ਗੱਲ ਕਹੀ ਗਈ ਸੀ। ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਸਬੰਧਿਤ ਮੰਤਰੀਆਂ, ਫੌਜ, ਨੇਵੀ ਤੇ ਹਵਾਈ ਫੌਜ ਦੇ ਮੁਖੀਆਂ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਵਿਚਾਲੇ ਲੜੀਵਾਰ ਬੈਠਕਾਂ ਹੋਈਆਂ ਤਾਂ ਕਿ ਜੈਸ਼ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ।


author

Baljit Singh

Content Editor

Related News