ਕਰਨਾਟਕ ਦੇ ਚੋਣ ਦੰਗਲ ’ਚ ਉਤਰਨਗੇ ਅਰਵਿੰਦ ਕੇਜਰੀਵਾਲ
Friday, Nov 18, 2022 - 01:19 PM (IST)
ਕਰਨਾਟਕ– ਜੇਕਰ ਭਾਜਪਾ ‘ਆਪ ਮੁਕਤ ਦਿੱਲੀ’ ਲਈ ਕੰਮ ਕਰ ਰਹੀ ਹੈ ਤਾਂ ਅਰਵਿੰਦ ਕੇਜਰੀਵਾਲ ਕਰਨਾਟਕ ਤੋਂ ਦੱਖਣ ਵਿਚ ਆਪਣੀ ਪਛਾਣ ਬਣਾਉਣ ਲਈ ਕਮਰ ਕੱਸ ਰਹੇ ਹਨ। ਸੂਬੇ ਵਿਚ ਅਗਲੇ ਸਾਲ ਮਾਰਚ ਵਿਚ ਚੋਣਾਂ ਹੋਣਗੀਆਂ ਅਤੇ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਲੱਗਦਾ ਹੈ ਕਿ ਕਰਨਾਟਕ ਵਿਚ ਲੋਕ ਇਕ ਨਵੇਂ ਚਿਹਰੇ ਅਤੇ ਪਾਰਟੀ ਦੀ ਤਲਾਸ਼ ਕਰ ਰਹੇ ਹਨ।
ਅਜਿਹਾ ਨਹੀਂ ਹੈ ਕਿ ‘ਆਪ’ ਨੇ ਇਸ ਤੋਂ ਪਹਿਲਾਂ ਕਰਨਾਟਕ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ‘ਆਪ’ ਨੇ ਬਹੁਤ ਪਹਿਲਾਂ 2014 ਵਿਚ ਲੋਕ ਸਭਾ ਚੋਣਾਂ ਲੜੀਆਂ ਸਨ ਪਰ ਉਦੋਂ ਤੋਂ ‘ਆਪ’ ਦੇ ਪਹਿਲੇ ਯਤਨ ਤੋਂ ਬਾਅਦ ਹੁਣ ਤੱਕ ‘ਕਾਵੇਰੀ ਵਿਚ ਬਹੁਤ ਪਾਣੀ ਵਹਿ ਚੁੱਕਾ ਹੈ।’ ‘ਆਪ’ ਨੇ ਇੰਫੋਸਿਸ ਦੇ ਸਾਬਕਾ ਨਿਰਦੇਸ਼ਕ ਵੀ. ਬਾਲਾਕ੍ਰਿਸ਼ਣਨ ਅਤੇ ਭਾਰਤ ਦੀ ਪਹਿਲੀ ਘੱਟ ਲਾਗਤ ਵਾਲੀ ਏਅਰਲਾਈਨ ਏਅਰ ਡੇਕਨ ਦੇ ਸੰਸਥਾਪਕ ਜੀ. ਆਰ. ਗੋਪੀਨਾਥ ਨੂੰ ਆਪਣੇ ਨਾਲ ਜੋੜਿਆ ਹੈ। ਕੇਜਰੀਵਾਲ ਕਰਨਾਟਕ ਵਿਚ ਰਣਨੀਤੀ ਬਣਾਉਣ ਵਿਚ ਰੁੱਝੇ ਹਨ, ਹਾਲਾਂਕਿ ਉਹ ਗੁਜਰਾਤ ਤੇ ਦਿੱਲੀ ਵਿਚ ਐੱਮ. ਸੀ. ਡੀ. ਚੋਣਾਂ ਵਿਚ ਵੀ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ।
ਦੂਜੇ ਪਾਸੇ ਭਾਜਪਾ ਦਿੱਲੀ ਨੂੰ ‘ਆਪ ਮੁਕਤ’ ਬਣਾਉਣ ਲਈ ਜੀ-ਤੋੜ ਮਿਹਨਤ ਕਰ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਕਾਂਗਰਸ ’ਤੇ ਨਹੀਂ ਸਗੋਂ ‘ਆਪ’ ’ਤੇ ਫੋਕਸ ਕਰ ਰਹੀ ਹੈ। ਕੇਜਰੀਵਾਲ ਭਾਵੇਂ ਹੀ 3 ਵਾਰ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ ਪਰ ਉਹ ਐੱਮ. ਸੀ. ਡੀ. ਚੋਣਾਂ ਜਿੱਤਣ ਵਿਚ ਨਾਕਾਮ ਰਹੇ। ‘ਆਪ’ ਲਈ ਇਸ ਵਾਰ ਐੱਮ. ਸੀ. ਡੀ. ਚੋਣਾਂ ਜਿੱਤਣਾ ਅਹਿਮ ਹੋਵੇਗਾ।
ਜੇਕਰ ਕੇਜਰੀਵਾਲ ਐੱਮ. ਸੀ. ਡੀ. ਚੋਣਾਂ ਜਿੱਤਣ ਵਿਚ ਅਸਫਲ ਰਹਿੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਭ ਾਜਪਾ ਦੀ ਰਣਨੀਤੀ ਚੰਗੀ ਤਰ੍ਹਾਂ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐੱਮ. ਸੀ. ਡੀ. ਚੋਣਾਂ ਵਿਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਨਿੱਜੀ ਤੌਰ ’ਤੇ ਲੱਗੇ ਹੋਏ ਹਨ ਅਤੇ ਕੇਜਰੀਵਾਲ ਨੂੰ ਹਰਾਉਣ ਲਈ ਆਪਣੇ ਤਰਕਸ਼ ਦੇ ਹਰ ਤੀਰ ਦਾ ਇਸਤੇਮਾਲ ਕਰਨਗੇ।