ਮੈਂ ਦਿੱਲੀ ਵਾਸੀਆਂ ਦਾ ਬੇਟਾ ਬਣ ਕੇ ਕੰਮ ਕੀਤਾ, ਕੀ ਮੈਂ ਅੱਤਵਾਦੀ ਹਾਂ : ਕੇਜਰੀਵਾਲ

01/30/2020 1:31:28 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਦੋਸ਼ਾਂ 'ਤੇ ਜਵਾਬ ਦਿੰਦੇ ਹੋਏ ਭਾਜਪਾ 'ਤੇ ਕਈ ਸਵਾਲ ਚੁੱਕੇ। ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ 'ਚ ਸਕੂਲਾਂ ਨੂੰ ਸੁਧਾਰਿਆ, ਮੋਹੱਲਾ ਕਲੀਨਿਕ ਖੋਲ੍ਹੇ, ਕੀ ਮੈਂ ਅੱਤਵਾਦੀ ਹਾਂ। ਮੈਂ ਦਿੱਲੀ ਲਈ ਕੰਮ ਕੀਤਾ। ਉਨ੍ਹਾਂ ਲੋਕਾਂ (ਭਾਜਪਾ) ਨੇ ਮੈਨੂੰ 5 ਸਾਲ ਤੱਕ ਸਤਾਇਆ ਹੈ। ਮੈਂ ਦਿੱਲੀ ਵਾਲਿਆਂ ਦਾ ਬੇਟਾ ਬਣ ਕੇ ਕੰਮ ਕੀਤਾ ਹੈ।

ਭਾਜਪਾ ਨੇਤਾਵਾਂ ਨੇ ਕਿਹਾ ਕੇਜਰੀਵਾਲ ਅੱਤਵਾਦੀ ਹੈ
ਪ੍ਰੈੱਸ ਕਾਨਫਰੰਸ 'ਚ ਕੇਜਰੀਵਾਲ ਨੇ ਕਿਹਾ,''ਭਾਜਪਾ ਦੇ ਨੇਤਾਵਾਂ ਨੇ ਕਿਹਾ ਕਿ ਕੇਜਰੀਵਾਲ ਅੱਤਵਾਦੀ ਹੈ। ਦੇਸ਼ ਲਈ ਤਨ, ਮਨ, ਧਨ ਕੁਰਬਾਨ ਕਰ ਦਿੱਤਾ। ਦਿੱਲੀ ਦੇ ਬੱਚਿਆਂ ਨੂੰ ਆਪਣਾ ਮੰਨ ਕੇ ਚੰਗੀ ਸਿੱਖਿਆ ਦਾ ਇੰਤਜ਼ਾਮ ਕੀਤਾ, ਇਲਾਜ ਦਾ ਇੰਤਜ਼ਾਮ ਕੀਤਾ, ਬਜ਼ੁਰਗਾਂ ਨੂੰ ਤੀਰਥ ਯਾਤਰਾ ਲਈ ਭੇਜਿਆ, ਦਿੱਲੀ ਦੇ ਰਹਿਣ ਵਾਲੇ ਜਿੰਨੇ ਵੀ ਸਿਪਾਹੀ ਹਨ, ਜੋ ਸਰਹੱਦ 'ਤੇ ਲੜਦੇ ਹਨ ਅਤੇ ਸ਼ਹੀਦ ਹੋ ਜਾਂਦੇ ਹਨ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਮੈਂ ਉਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਰੱਖਣ ਦਾ ਕੰਮ ਕੀਤਾ, ਕੀ ਇਹ ਕੋਈ ਅੱਤਵਾਦੀ ਕਰਦਾ ਹੈ।

ਮੈਂ ਸ਼ੂਗਰ ਦਾ ਮਰੀਜ਼ ਹੋਣ ਦੇ ਬਾਵਜੂਦ 2 ਵਾਰ ਕੀਤੀ ਭੁੱਖ-ਹੜਤਾਲ
ਕੇਜਰੀਵਾਲ ਨੇ ਕਿਹਾ,''ਮੈਂ ਸ਼ੂਗਰ ਦਾ ਮਰੀਜ਼ ਹਾਂ, ਦਿਨ 'ਚ ਚਾਰ ਵਾ ਇੰਸੁਲਿਨ ਲੈਂਦਾ ਹਾਂ। ਜੇਕਰ ਕੋਈ ਇਨਸਾਨ ਸ਼ੂਗਰ ਦਾ ਮਰੀਜ਼ ਹੈ ਅਤੇ 3-4 ਘੰਟੇ 'ਚ ਖਾਣਾ ਨਹੀਂ ਖਾਂਦਾ ਤਾਂ ਮਰ ਜਾਂਦਾ ਹੈ। ਅਜਿਹੀ ਹਾਲਤ 'ਚ ਮੈਂ 2 ਵਾਰ ਭ੍ਰਿਸ਼ਟਾਚਾਰ ਵਿਰੁੱਧ ਭੁੱਖ ਹੜਤਾਲ ਕੀਤੀ। ਇਕ ਵਾਰ 15 ਦਿਨ ਦੀ ਅਤੇ ਦੂਜੀ ਵਾਰ 10 ਦਿਨ ਤੱਕ।

ਭਾਜਪਾ ਨੇ ਮੈਨੂੰ 5 ਸਾਲਾਂ ਤੱਕ ਤੰਗ ਕੀਤਾ
ਸਾਰੇ ਡਾਕਟਰਾਂ ਨੇ ਕਿਹਾ ਕਿ ਕੇਜਰੀਵਾਲ 24 ਘੰਟੇ ਤੋਂ ਜ਼ਿਆਦਾ ਜਿਉਂਦਾ ਨਹੀਂ ਰਹੇਗਾ, ਮੈਂ ਦੇਸ਼ ਲਈ ਆਪਣੀ ਜਾਨ ਦਾਅ 'ਤੇ ਲਗਾਈ। ਪਿਛਲੇ 5 ਸਾਲਾਂ 'ਚ ਉਨ੍ਹਾਂ ਨੇ ਮੈਨੂੰ ਤੰਗ ਕਰਨ 'ਚ ਕੋਈ ਕਸਰ ਨਹੀਂ ਛੱਡੀ। ਮੇਰੇ ਘਰ 'ਤੇ ਛਾਪਾ ਮਾਰਿਆ, ਮੇਰੇ ਦਫ਼ਤਰ 'ਤੇ ਛਾਪਾ ਮਾਰਿਆ, ਮੇਰੇ ਵਿਰੁੱਧ ਮਾਮਲੇ ਦਰਜ ਕੀਤੇ। ਮੈਂ ਇਕ ਅੱਤਵਾਦੀ ਕਿਵੇਂ ਹੋ ਸਕਦਾ ਹਾਂ?

ਮੇਰੇ ਮਾਤਾ-ਪਿਤਾ ਨੂੰ ਵੀ ਦੁਖ ਹੋਇਆ
ਕੇਜਰੀਵਾਲ ਨੇ ਕਿਹਾ,''ਅੱਜ ਤੱਕ ਮੈਂ ਆਪਣੇ ਪਰਿਵਾਰ ਦਾ ਨਹੀਂ ਸੋਚਿਆ ਹੈ। ਮੈਨੂੰ ਅੱਤਵਾਦੀ ਕਹੇ ਜਾਣ ਨਾਲ ਬਹੁਤ ਦੁਖ ਹੋਇਆ। ਮੇਰੇ ਮਾਤਾ-ਪਿਤਾ ਨੂੰ ਵੀ ਦੁਖ ਹੋਇਆ। ਕੀ ਮੈਂ ਅੱਤਵਾਦੀ ਹਾਂ। ਅੱਜ ਇਹ ਫੈਸਲਾ ਦਿੱਲੀ ਵਾਲਿਆਂ 'ਤੇ ਛੱਡਦਾ ਹਾਂ। ਮੁੱਖ ਮੰਤਰੀ ਨੇ ਕਿਹਾ,''ਇਨਕਮ ਟੈਕਸ ਕਮਿਸ਼ਨਰ ਦੀ ਨੌਕਰੀ ਭ੍ਰਿਸ਼ਟਾਚਾਰ ਅੰਦੋਲਨ 'ਚ ਸ਼ਾਮਲ ਹੋਣ ਲਈ ਛੱਡੀ, ਕੀ ਕੋਈ ਅੱਤਵਾਦੀ ਅਜਿਹਾ ਕਰਦਾ ਹੈ? ਵੱਡੇ-ਵੱਡੇ ਭ੍ਰਿਸ਼ਟਾਚਾਰਾਂ ਨੂੰ ਉਜਾਗਰ ਕੀਤਾ, ਇੰਨੇ ਕੇਸ ਮੇਰੇ 'ਤੇ ਹੋਏ, ਕੀ ਕੋਈ ਅੱਤਵਾਦੀ ਅਜਿਹਾ ਕਰਦਾ ਹੈ।

ਜਾਣੋ ਕੀ ਸੀ ਪ੍ਰਵੇਸ਼ ਵਰਮਾ ਦਾ ਬਿਆਨ
29 ਜਨਵਰੀ ਨੂੰ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਮਾਦੀਪੁਰ 'ਚ ਭਾਜਪਾ ਉਮੀਦਵਾਰ ਲਈ ਪ੍ਰਚਾਰ ਕਰਦੇ ਹੋਏ ਕਿਹਾ ਸੀ,''ਕੇਜਰੀਵਾਲ ਜੇਕਰ ਜਿੱਤ ਕੇ ਆਏ ਤਾਂ ਮਾਦੀਪੁਰ ਦੀਆਂ ਸੜਕਾਂ ਸ਼ਾਹੀਨ ਬਾਗ ਬਣ ਜਾਣਗੀਆਂ। ਦਿੱਲੀ 'ਚ ਕੇਜਰੀਵਾਲ ਵਰਗੇ ਨਟਵਰਲਾਲ ਅਤੇ ਅੱਤਵਾਦੀ ਲੁਕੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕੱਢਣਾ ਹੈ। ਕਸ਼ਮੀਰ 'ਚ ਅੱਤਵਾਦੀਆਂ ਨਾਲ ਲੜੀਏ ਜਾਂ ਦਿੱਲੀ 'ਚ ਕੇਜਰੀਵਾਲ ਵਰਗੇ ਅੱਤਵਾਦੀ ਨਾਲ। ਮੁੱਖ ਮੰਤਰੀ ਕੇਜਰੀਵਾਲ ਅੱਤਵਾਦੀ ਹਨ ਅਤੇ ਜੇਕਰ ਆਪਣੀ ਭੈਣ-ਬੇਟੀਆਂ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਦੌੜਾਉਣਾ ਹੋਵੇਗਾ।


DIsha

Content Editor

Related News