ਸ਼ਾਹੀਨ ਬਾਗ ਗੋਲੀਕਾਂਡ ''ਤੇ ਕੇਜਰੀਵਾਲ ਨੇ ਕਿਹਾ- ਜੇ ਦੋਸ਼ੀ ''ਆਪ'' ਦਾ ਤਾਂ ਹੋਵੇ ਦੋਹਰੀ ਸਜ਼ਾ

02/05/2020 2:49:03 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਭਾਵ ਅੱਜ ਦਿੱਲੀ ਦੇ ਸ਼ਾਹੀਨ ਬਾਗ 'ਚ ਸੀ. ਏ. ਏ. ਰੋਸ ਪ੍ਰਦਰਸ਼ਨ ਵਾਲੀ ਥਾਂ 'ਤੇ ਵਾਪਰੀ ਗੋਲੀਕਾਂਡ ਦੀ ਘਟਨਾ ਨੂੰ ਲੈ ਕੇ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੋਲੀ ਚਲਾਉਣ ਵਾਲਾ ਸ਼ਖਸ 'ਆਪ' ਪਾਰਟੀ ਨਾਲ ਸੰਬੰਧਤ ਹੈ ਤਾਂ ਉਸ ਨੂੰ ਦੋਹਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਅਤੇ ਵਿਵਸਥਾ ਨੂੰ ਵਿਗਾੜਨ ਲਈ ਜ਼ਿੰਮੇਵਾਰ ਹੈ, ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਕਿਸੇ ਵੀ ਵਿਸ਼ੇ 'ਤੇ ਬਹਿਸ ਕਰਨ ਦੀ ਚੁਣੌਤੀ ਦਿੰਦਾ ਹਾਂ ਅਤੇ ਦਿੱਲੀ ਵਾਸੀਆਂ ਜਾਣਨਾ ਚਾਹੁੰਦੇ ਹਨ ਕਿ ਉਹ ਭਾਜਪਾ ਨੂੰ ਵੋਟ ਕਿਉਂ ਦੇਣ। ਉਨ੍ਹਾਂ ਨੇ ਇਸ ਗੱਲ 'ਤੇ ਵੀ ਸਵਾਲ ਚੁੱਕਿਆ ਕਿ ਭਾਜਪਾ ਸ਼ਾਹੀਨ ਬਾਗ ਦੇ ਨੇੜੇ ਸੜਕਾਂ ਨੂੰ ਕਿਉਂ ਨਹੀਂ ਖੁਲ੍ਹਵਾ ਰਹੀ ਹੈ। 

ਦੱਸਣਯੋਗ ਹੈ ਕਿ ਸ਼ਾਹੀਨ ਬਾਗ 'ਚ ਰੋਸ ਪ੍ਰਦਰਸ਼ਨ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਕਪਿਲ ਗੁਰਜਰ ਨਾਂ ਦੇ ਸ਼ਖਸ ਨੇ ਫਾਇਰਿੰਗ ਕੀਤੀ ਸੀ ਅਤੇ ਹਿੰਦੂਵਾਦੀ ਨਾਅਰੇ ਲਾਏ ਸਨ। ਇਸ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਬਰਾਂਚ ਨੇ ਦਾਅਵਾ ਕੀਤਾ ਹੈ ਕਿ ਕਪਿਲ ਅਤੇ ਉਸ ਦਾ ਪਿਤਾ 'ਆਪ' ਪਾਰਟੀ ਦੇ ਮੈਂਬਰ ਹਨ। ਉਨ੍ਹਾਂ ਦੀਆਂ ਪਾਰਟੀਆਂ ਨਾਲ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।


Tanu

Content Editor

Related News