ਨਫ਼ਰਤ ਤੇ ਜ਼ਹਿਰ ਫੈਲਾਉਣ ਵਾਲੇ ਲੋਕਾਂ ਨੂੰ ਨਾ ਦੇਣਾ ਵੋਟ : ਕੇਜਰੀਵਾਲ
Sunday, May 12, 2019 - 10:48 AM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੋਕਾਂ ਨੂੰ ਵੋਟ ਦੇਣ, ਜਿਨ੍ਹਾਂ ਨੇ ਕੰਮ ਕੀਤਾ ਹੈ ਨਾ ਕਿ ਉਨ੍ਹਾਂ ਨੂੰ ਜੋ ਨਫ਼ਰਤ ਅਤੇ ਜ਼ਹਿਰ ਫੈਲਾ ਰਹੇ ਹਨ। ਦਿੱਲੀ 'ਚ ਲੋਕ ਸਭਾ ਚੋਣਾਂ ਦੇ 6ਵੇਂ ਗੇੜ 'ਚ ਅੱਜ ਯਾਨੀ ਐਤਵਾਰ ਨੂੰ 7 ਸੀਟਾਂ 'ਤੇ ਵੋਟਿੰਗ ਜਾਰੀ ਹੈ। ਮੁੱਖ ਮੰਤਰੀ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਲੋਕਾਂ ਦੇ ਪੱਖ 'ਚ ਵੋਟਿੰਗ ਨਾ ਕਰਨ ਜੋ ਦਿੱਲੀ 'ਚ ਕੰਮ ਰੋਕ ਰਹੇ ਹਨ। ਕੇਜਰੀਵਾਲ ਨੇ ਹਿੰਦੀ 'ਚ ਟਵੀਟ ਕਰ ਕੇ ਕਿਹਾ,''ਦਿੱਲੀ, ਵੋਟ ਪਾਉਣ ਜ਼ਰੂਰ ਜਾਣ। ਜਿਸ ਨੇ ਤੁਹਾਡੇ ਕੰਮ ਕੀਤੇ ਉਨ੍ਹਾਂ ਨੂੰ ਵੋਟ ਦੇਣਾ। ਨਫ਼ਰਤ ਅਤੇ ਜ਼ਹਿਰ ਫੈਲਾਉਣ ਵਾਲਿਆਂ ਨੂੰ ਅਤੇ ਦਿੱਲੀ 'ਚ ਕੰਮ ਰੋਕਣ ਵਾਲਿਆਂ ਨੂੰ ਵੋਟ ਨਾ ਦੇਣਾ। ਤੁਹਾਡਾ ਵੋਟ ਦੇਸ਼ ਬਦਲ ਸਕਦਾ ਹੈ।''ਦਿੱਲੀ 'ਚ ਸਵੇਰ ਤੋਂ ਹੀ ਵੋਟਿੰਗ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਆਂ ਨਜ਼ਰ ਆਈਆਂ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਕੇਂਦਰੀ ਮੰਤਰੀ ਹਰਸ਼ਵਰਧਨ ਤੋਂ ਇਲਾਵਾ ਪਹਿਲੀ ਵਾਰ ਰਾਜਨੀਤੀ 'ਚ ਕਦਮ ਰੱਖਣ ਵਾਲੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਅਤੇ ਮੁੱਕੇਬਾਜ਼ ਵਿਜੇਂਦਰ ਸਿੰਘ ਵਰਗੇ ਵੱਡੇ ਨਾਂ ਇੱਥੇ ਮੈਦਾਨ 'ਚ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਦਿੱਲੀ 'ਚ 1.43 ਕਰੋੜ ਵੋਟਰ ਹਨ, ਜਿਨ੍ਹਾਂ 'ਚ 78,73,022 ਪੁਰਸ਼ ਅਤੇ 64,42,762 ਔਰਤਾਂ ਅਤੇ 669 ਟਰਾਂਸਜੈਂਡਰ ਸ਼ਾਮਲ ਹਨ। ਦਿੱਲੀ 'ਚ 18-19 ਸਾਲ ਦੇ 2,54,723 ਵੋਟਰ ਹਨ। 40,523 ਅਪਾਹਜ ਵੋਟਰ ਹਨ, ਜਿਨ੍ਹਾਂ ਨੂੰ ਘਰ ਤੋਂ ਵੋਟਿੰਗ ਕੇਂਦਰ ਲਿਆਉਣ ਅਤੇ ਫਿਰ ਘਰ ਤੱਕ ਛੱਡਣ ਦੀ ਸਹੂਲਤ ਮਿਲੇਗੀ।