ਹਾਥਰਸ ਦੀ ਘਟਨਾ ''ਤੇ ਬੋਲੇ ਕੇਜਰੀਵਾਲ- ਦੇਸ਼ ਅਤੇ ਸਰਕਾਰਾਂ ਲਈ ਸ਼ਰਮ ਦੀ ਗੱਲ, ਦੋਸ਼ੀਆਂ ਨੂੰ ਦਿੱਤੀ ਜਾਵੇ ਫਾਂਸੀ
Tuesday, Sep 29, 2020 - 04:05 PM (IST)
ਨਵੀਂ ਦਿੱਲੀ- ਹਾਥਰਸ 'ਚ ਸਮੂਹਕ ਜਬਰ ਜ਼ਿਨਾਹ ਦੀ ਸ਼ਿਕਾਰ ਹੋਈ ਕੁੜੀ ਦੀ ਮੰਗਲਵਾਰ ਨੂੰ ਹੋਈ ਮੌਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਅਤੇ ਸਰਕਾਰਾਂ ਲਈ ਸ਼ਰਮ ਦੀ ਗੱਲ ਕਰਾਰ ਦਿੰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਹਿਾ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਚਾਰ ਵਿਅਕਤੀਆਂ ਵਲੋਂ ਜਬਰ ਜ਼ਿਨਾਹ ਕੀਤੇ ਜਾਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ 19 ਸਾਲਾ ਦਲਿਤ ਕੁੜੀ ਦੀ ਮੰਗਲਵਾਰ ਨੂੰ ਇੱਥੇ ਮੌਤ ਹੋ ਗਈ।
ਕੇਜਰੀਵਾਲ ਨੇ ਹਿੰਦੀ 'ਚ ਟਵੀਟ ਕੀਤਾ,''ਹਾਥਰਸ ਦੀ ਪੀੜਤਾ ਦੀ ਮੌਤ ਪੂਰੇ ਸਮਾਜ, ਦੇਸ਼ ਅਤੇ ਸਾਰੀਆਂ ਸਰਕਾਰਾਂ ਲਈ ਸ਼ਰਮ ਦੀ ਗੱਲ ਹੈ। ਬਹੁਤ ਦੁਖ ਦੀ ਗੱਲ ਹੈ ਕਿ ਇੰਨੀਆਂ ਧੀਆਂ ਨਾਲ ਜਬਰ ਜ਼ਿਨਾਹ ਹੋ ਰਹੇ ਹਨ ਅਤੇ ਅਸੀਂ ਆਪਣੀਆਂ ਧੀਆਂ ਨੂੰ ਸੁਰੱਖਿਆ ਨਹੀਂ ਦੇ ਪਾ ਰਹੇ। ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।''
ਦੱਸਣਯੋਗ ਹੈ ਕਿ ਕੁੜੀ ਦੀ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਸੋਮਵਾਰ ਨੂੰ ਅਲੀਗੜ੍ਹ ਦੇ ਇਕ ਹਸਪਤਾਲ ਤੋਂ ਉਸ ਨੂੰ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪੀੜਤਾ ਨਾਲ 14 ਸਤੰਬਰ ਨੂੰ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅਲੀਗੜ੍ਹ ਦੇ ਜੇ.ਐੱਨ. ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਸੀ। ਜਬਰ ਜ਼ਿਨਾਹ ਦੀ ਵਿਰੋਧ ਕਰਨ 'ਤੇ ਦੋਸ਼ੀਆਂ ਨੇ ਗਲਾ ਘੁੱਟ ਕੇ ਉਸ ਦੀ ਹੱਤਿਆ ਦੀ ਕੋਸ਼ਿਸ਼ ਵੀ ਕੀਤੀ ਸੀ। ਚਾਰੇ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।