ਕੇਜਰੀਵਾਲ ਸਰਕਾਰ ਦਿੱਲੀ ’ਚ ਕਰਵਾਏਗੀ ਨਕਲੀ ਬਾਰਿਸ਼

11/09/2023 12:28:29 PM

ਨਵੀਂ ਦਿੱਲੀ, (ਇੰਟ.)- ਦਿੱਲੀ ’ਚ ਪ੍ਰਦੂਸ਼ਣ ਦੀ ਰੋਕਥਾਮ ਲਈ ਕੇਜਰੀਵਾਲ ਸਰਕਾਰ ਹਰ ਤਰ੍ਹਾਂ ਦੇ ਉਪਾਅ ਕਰ ਰਹੀ ਹੈ। ਹੁਣ ਕੇਜਰੀਵਾਲ ਸਰਕਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਲਾਊਡ ਸੀਡਿੰਗ ਭਾਵ ਨਕਲੀ ਬਾਰਿਸ਼ ’ਤੇ ਵਿਚਾਰ ਕਰ ਰਹੀ ਹੈ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਕਲੀ ਬਾਰਿਸ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੰਨਾ ਹੀ ਨਹੀਂ ਇਸ ਪ੍ਰਸਤਾਵ ਨੂੰ ਸੁਪਰੀਮ ਕੋਰਟ ’ਚ ਵੀ ਪੇਸ਼ ਕੀਤਾ ਜਾਵੇਗਾ।

ਇਸ ਮਹੀਨੇ ਕਲਾਊਡ ਸੀਡਿੰਗ ਦੀ ਹੋਵੇਗੀ ਕੋਸ਼ਿਸ਼

ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀ ਕੋਸ਼ਿਸ਼ ਵਿਚ ਇਸ ਮਹੀਨੇ ਕਲਾਊਡ ਸੀਡਿੰਗ ਰਾਹੀਂ ਨਕਲੀ ਬਾਰਿਸ਼ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਨਕਲੀ ਬਾਰਿਸ਼ ਦੀ ਸੰਭਾਵਨਾ ’ਤੇ ਬੁੱਧਵਾਰ ਨੂੰ ਆਈ. ਆਈ. ਟੀ. ਕਾਨਪੁਰ ਦੀ ਟੀਮ ਨਾਲ ਮੀਟਿੰਗ ਹੋਈ।

ਕੇਜਰੀਵਾਲ ਸਰਕਾਰ ਦੇ ਮੰਤਰੀ ਨੇ ਕਿਹਾ- ਮੀਟਿੰਗ ’ਚ ਵਿਗਿਆਨੀਆਂ ਨੇ ਦੱਸਿਆ ਕਿ ਕਲਾਊਡ ਸੀਡਿੰਗ ਦੀ ਕੋਸ਼ਿਸ਼ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਵਾਯੂਮੰਡਲ ’ਚ ਬੱਦਲ ਜਾਂ ਨਮੀ ਹੋਵੇ। ਮਾਹਿਰਾਂ ਦਾ ਅਨੁਮਾਨ ਹੈ ਕਿ ਦਿੱਲੀ ਵਿਚ ਅਜਿਹੇ ਹਾਲਾਤ 20-21 ਨਵੰਬਰ ਦੇ ਨੇੜੇ-ਤੇੜੇ ਵਿਕਸਿਤ ਹੋ ਸਕਦੇ ਹਨ। ਅਸੀਂ ਵਿਗਿਆਨੀਆਂ ਨੂੰ ਇਸ ਸਬੰਧ ਵਿਚ ਇਕ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਹੈ, ਜਿਸ ਨੂੰ ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਅਸੀਂ ਵਿਗਿਆਨੀਆਂ ਨੂੰ ਇਸ ਸਬੰਧੀ ਇਕ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਹੈ, ਜਿਸ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਦਿੱਲੀ ਹੀ ਨਹੀਂ, ਪੰਜਾਬ ਤੋਂ ਬੰਗਾਲ ਦੀ ਖਾੜੀ ਤੱਕ ਫੈਲੀ ਹੈ ਜ਼ਹਿਰੀਲੀ ਹਵਾ

ਉੱਤਰੀ ਭਾਰਤ ਦੇ ਲੋਕ ਸਾਹ ਘੁੱਟਣ ਵਾਲੀ ਹਵਾ ’ਚ ਰਹਿਣ ਲਈ ਮਜਬੂਰ ਹਨ। ਦਿੱਲੀ-ਐੱਨ. ਸੀ. ਆਰ. ਇਸ ਸਮੇਂ ਗੈਸ ਚੈਂਬਰ ਬਣਿਆ ਹੋਇਆ ਹੈ। ਇਸ ਸਥਿਤੀ ਲਈ ਕਿਸਾਨਾਂ ਵੱਲੋਂ ਪਰਾਲੀ ਸਾੜਨ ਤੋਂ ਲੈ ਕੇ ਵਾਹਨਾਂ ਦੇ ਪ੍ਰਦੂਸ਼ਣ ਅਤੇ ਫੈਕਟਰੀਆਂ ਰਾਹੀਂ ਹੋਣ ਵਾਲੇ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਨਾਸਾ ਨੇ ਸੈਟੇਲਾਈਟ ਤਸਵੀਰਾਂ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰਦੂਸ਼ਣ ਨਾ ਸਿਰਫ਼ ਉੱਤਰੀ ਭਾਰਤ ਸਗੋਂ ਬੰਗਾਲ ਦੀ ਖਾੜੀ ਤੱਕ ਫੈਲਿਆ ਹੋਇਆ ਹੈ। ਨਾਸਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 29 ਅਕਤੂਬਰ ਤੋਂ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
 


Rakesh

Content Editor

Related News