ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਪਾਰੀਆਂ ਨੂੰ ਦਿੱਤੀਆਂ 5 ਗਰੰਟੀਆਂ
Sunday, Aug 07, 2022 - 10:46 AM (IST)
ਗੁਜਰਾਤ/ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਜਾਮਨਗਰ ’ਚ ਟਾਊਨਹਾਲ ਮੀਟਿੰਗ ਦੌਰਾਨ ਵਪਾਰੀਆਂ ਨੂੰ 5 ਗਾਰੰਟੀਆਂ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਗੁਜਰਾਤ ਦੇ ਵਿਕਾਸ ’ਚ ਵਪਾਰੀਆਂ ਨੂੰ ਭਾਈਵਾਲ ਬਣਾਵਾਂਗੇ। ਵਪਾਰੀਆਂ ’ਚ ਡਰ ਦਾ ਮਾਹੌਲ ਖਤਮ ਕਰ ਕੇ ਉਨ੍ਹਾਂ ਨੂੰ ਸਨਮਾਨ ਦੇਵਾਂਗੇ, ਛਾਪੇਮਾਰੀ ਬੰਦ ਕਰਾਂਗੇ, ਐਮਨੈਸਟੀ ਸਕੀਮ ਲਿਆ ਕੇ ਵੈਟ ਦੇ ਪੁਰਾਣੇ ਕੇਸ ਖਤਮ ਕਰਾਂਗੇ ਅਤੇ ਵੈਟ ਦੇ ਬਕਾਇਆ ਰਿਫੰਡ ਇਕ ਮਹੀਨੇ ਵਿਚ ਦੇ ਦਿੱਤੇ ਜਾਣਗੇ।
ਕੇਜਰੀਵਾਲ ਕਿਹਾ ਕਿ ਜਿਸ ਤਰ੍ਹਾਂ ਫੈਵੀਕੋਲ ਦਾ ਜੋੜ ਟੁੱਟੇਗਾ ਨਹੀਂ, ਉਸੇ ਤਰ੍ਹਾਂ ਹੀ ਕੇਜਰੀਵਾਲ ਦੀ ਗਾਰੰਟੀ ਵੀ ਕਦੇ ਨਹੀਂ ਟੁੱਟੇਗੀ। ਜੇਕਰ ਅਸੀਂ ਆਪਣੀ ਗਾਰੰਟੀ ਪੂਰੀ ਨਾ ਕਰੀਏ, ਤਾਂ ਅਗਲੀ ਵਾਰ ਸਾਨੂੰ ਵੋਟ ਨਾ ਦੇਣਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ’ਚ ਸਾਰਿਆਂ ਦਾ ਇਲਾਜ ਅਤੇ ਸਾਰਿਆਂ ਦੀ ਪੜ੍ਹਾਈ ਮੁਫਤ ਕਰ ਦਿੱਤੀ ਹੈ, ਤਾਂ ਅਸੀਂ ਕੀ ਗਲਤ ਕੀਤਾ, ਉਹ ਕਹਿੰਦੇ ਹਨ ਕਿ ਕੇਜਰੀਵਾਲ ਮੁਫਤ ਰਿਓੜੀਆਂ ਵੰਡ ਰਿਹਾ ਹੈ।
ਪੰਜਾਬ ਵਾਂਗ ਬਿਜਲੀ ਦੇ ਬਿੱਲ ਹੋ ਸਕਦੇ ਹਨ ਮੁਆਫ
ਉਨ੍ਹਾਂ ਕਿਹਾ ਕਿ ਰਾਜਕੋਟ ’ਚ ਮੇਰੀ ਮੀਟਿੰਗ ਤੋਂ ਬਾਅਦ ਵਪਾਰੀਆਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਗਿਆ ਅਤੇ ਜਾਮਨਗਰ ਆਉਣ ਤੋਂ ਪਹਿਲਾਂ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਇਹ ਗੁਜਰਾਤ ਦਾ ਸੱਭਿਆਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਜ਼ੀਰੋ ਬਿਜਲੀ ਬਿੱਲ ਆਉਣ ਲੱਗੇ ਹਨ। ਅਸੀਂ ਆਪਣੇ ਦੋਸਤਾਂ ਦੇ ਕਰਜ਼ੇ ਮੁਆਫ ਨਹੀਂ ਕਰਦੇ, ਗਰੀਬਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਦੇ ਹਾਂ। ਇਨ੍ਹਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਸਾਡੇ ਨਾਲ ਹਨ। ਗੁਜਰਾਤ ’ਚ ਵੀ ਇਹ ਚਮਤਕਾਰ ਹੋ ਸਕਦਾ ਹੈ। ਚਾਬੀ ਤੁਹਾਡੇ ਹੱਥ ’ਚ ਹੈ।