ਅਰਵਿੰਦ ਕੇਜਰੀਵਾਲ ਨੇ 50 ਨਵੀਆਂ 'ਲੋਅ-ਫਲੋਰ' CNG ਬੱਸਾਂ ਨੂੰ ਦਿਖਾਈ ਹਰੀ ਝੰਡੀ
Tuesday, Oct 11, 2022 - 03:42 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਸੀ.ਐੱਨ.ਜੀ. ਨਾਲ ਚੱਲਣ ਵਾਲੀਆਂ 50 ਨਵੀਆਂ ‘ਲੋਅ ਫਲੋਰ’ ਕਲੱਸਟਰ ਬੱਸਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਕਿਹਾ ਕਿ ਇਹ ਬੱਸਾਂ ਰਾਸ਼ਟਰੀ ਰਾਜਧਾਨੀ ਦੇ ਪੇਂਡੂ ਖੇਤਰਾਂ 'ਚ 'ਕੁਨੈਕਟੀਵਿਟੀ' 'ਚ ਸੁਧਾਰ ਕਰਨਗੀਆਂ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਇਨਫੋਰਸਮੈਂਟ ਵਿੰਗ ਲਈ 30 ਇਨੋਵਾ ਕਾਰਾਂ ਅਤੇ 36 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਨੇ ਪ੍ਰੋਗਰਾਮ ਦੌਰਾਨ ਕਿਹਾ,''ਇਹ ਸਾਰੇ ਵਾਹਨ ਲੇਨ ਅਨੁਸ਼ਾਸਨ ਨੂੰ ਲਾਗੂ ਕਰਨ ਲਈ ਸ਼ਾਮਲ ਹੋਣਗੇ। ਅਪ੍ਰੈਲ ਤੋਂ ਅਸੀਂ ਲੇਨ ਅਨੁਸ਼ਾਸਨ ਮੁਹਿੰਮ ਸ਼ੁਰੂ ਕੀਤੀ ਸੀ।" ਕੇਜਰੀਵਾਲ ਨੇ ਕਿਹਾ ਕਿ 2023 ਤੱਕ ਦਿੱਲੀ ਦੀਆਂ ਸੜਕਾਂ 'ਤੇ 1,800 ਇਲੈਕਟ੍ਰਿਕ ਬੱਸਾਂ ਹੋਣਗੀਆਂ, ਜਦੋਂ ਕਿ 2025 ਤੱਕ, ਸ਼ਹਿਰ ਦੇ ਬੱਸ ਬੇੜੇ ਦਾ 80 ਫੀਸਦੀ ਹਿੱਸਾ ਇਲੈਕਟ੍ਰਿਕ ਹੋਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ 1500 ਇਲੈਕਟ੍ਰਿਕ ਬੱਸਾਂ ਲਈ ਪ੍ਰਸਤਾਵ ਜਾਰੀ ਕੀਤਾ ਹੈ ਅਤੇ ਅਗਲੇ ਸਾਲ ਨਵੰਬਰ ਤੱਕ 1800 ਅਜਿਹੀਆਂ ਬੱਸਾਂ ਦਿੱਲੀ ਦੀਆਂ ਸੜਕਾਂ 'ਤੇ ਚੱਲਣਗੀਆਂ। ਕੇਜਰੀਵਾਲ ਨੇ ਕਿਹਾ,''ਅਸੀਂ 50 ਨਵੀਆਂ ਲੋਅ ਫਲੋਰ ਸੀ.ਐੱਨ.ਜੀ. (ਏਅਰ ਕੰਡੀਸ਼ਨਡ) ਬੱਸਾਂ ਨੂੰ ਸ਼ਾਮਲ ਕੀਤਾ ਹੈ। ਪਹਿਲਾਂ ਲੋਕਾਂ ਨੂੰ ਅਸਹੂਲਤ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਦਿੱਲੀ 'ਚ ਲੋੜੀਂਦੀਆਂ ਬੱਸਾਂ ਨਹੀਂ ਸਨ ਪਰ ਪਿਛਲੇ ਦੋ-ਤਿੰਨ ਸਾਲਾਂ 'ਚ ਵੱਡੀ ਗਿਣਤੀ 'ਚ ਇਲੈਕਟ੍ਰਿਕ, ਸੀ.ਐੱਨ.ਜੀ., ਕਲੱਸਟਰ ਬੱਸਾਂ ਨੂੰ ਬੇੜੇ 'ਚ ਸ਼ਾਮਲ ਕੀਤਾ ਗਿਆ ਹੈ। ਨਵੀਆਂ ਬੱਸਾਂ ਹਾਲ ਹੀ 'ਚ ਤਿਆਰ ਕੀਤੇ ਗਏ ਬਵਾਨਾ ਬੱਸ ਡਿਪੂ 'ਚ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ,''ਇਸ ਨਾਲ ਪੇਂਡੂ ਖੇਤਰਾਂ 'ਚ 'ਸੰਪਰਕ' (ਕੁਨੈਕਟੀਵਿਟੀ) ਵਧਾਉਣ 'ਚ ਮਦਦ ਮਿਲੇਗੀ। ਪਹਿਲਾਂ ਤੋਂ ਹੀ 360 ਕਲੱਸਟਰ ਬੱਸ ਮਾਰਗ ਹਨ। ਇਨ੍ਹਾਂ ਬੱਸਾਂ ਲਈ 6 ਨਵੇਂ ਮਾਰਗ ਹੋਣਗੇ ਜੋ ਪੇਂਡੂ ਖੇਤਰਾਂ ਤੱਕ ਸੇਵਾਵਾਂ ਪ੍ਰਦਾਨ ਕਰਨਗੇ।''