ਭਾਜਪਾ ਨੇ ਪੰਜਾਬੀਆਂ ਦਾ ਕੀਤਾ ਅਪਮਾਨ: ਕੇਜਰੀਵਾਲ
Wednesday, Jan 22, 2025 - 04:12 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਵਲੋਂ ਦਿੱਲੀ ਦੇ ਅੰਦਰ ਪੰਜਾਬ ਦੀਆਂ ਗੱਡੀਆਂ 'ਚ ਘੁੰਮ ਰਹੇ ਲੋਕਾਂ ਨੂੰ ਗਣਤੰਤਰ ਦਿਵਸ 'ਤੇ ਖ਼ਤਰਾ ਦੱਸੇ ਜਾਣ 'ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਨੇ ਸਾਰੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇਤਾ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਪੰਜਾਬੀ ਗਣਤੰਤਰ ਦਿਵਸ 'ਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹਨ। ਕੀ ਸਾਰੇ ਪੰਜਾਬੀ ਅੱਤਵਾਦੀ ਅਤੇ ਦੇਸ਼ ਧਰੋਹੀ ਹਨ? ਦਿੱਲੀ ਵਿਚ ਰਹਿ ਰਹੇ ਲੱਖਾਂ ਪੰਜਾਬੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪੂਰਵਜਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਤੇ ਤਸੀਹੇ ਸਹੇ ਹਨ। ਭਾਜਪਾ ਨੇਤਾ ਅੱਜ ਜੋ ਕਹਿਰ ਰਹੇ ਹਨ, ਇਸ ਤੋਂ ਉਹ ਪੰਜਾਬੀਆਂ ਦੀ ਕੁਰਬਾਨੀ ਦਾ ਅਪਮਾਨ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਨੂੰ ਇਸ ਲਈ ਸਾਰੇ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ ਦਿੱਲੀ ਵਿਚ ਲੱਖਾਂ ਪੰਜਾਬੀ ਰਹਿੰਦੇ ਹਨ, ਜਿਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪੂਰਵਜਾਂ ਨੇ ਦੇਸ਼ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਦਿੱਲੀ ਵਿਚ ਲੱਖਾਂ ਪੰਜਾਬੀ ਸ਼ਰਨਾਰਥੀ ਵੀ ਰਹਿੰਦੇ ਹਨ, ਜੋ ਵੰਡ ਦੇ ਮੁਸ਼ਕਲ ਦੌਰ ਵਿਚ ਸਭ ਕੁਝ ਛੱਡ ਕੇ ਦਿੱਲੀ ਆ ਕੇ ਵੱਸੇ ਸਨ। ਇਨ੍ਹਾਂ ਦੇ ਪਰਿਵਾਰਾਂ ਨੇ ਵੀ ਅਣਗਿਣਤ ਤਸੀਹੇ ਸਹਿਣ ਕੀਤੇ ਹਨ। ਭਾਜਪਾ ਦੇ ਨੇਤਾ ਅੱਜ ਜੋ ਕਹਿ ਰਹੇ ਹਨ, ਇਸ ਨਾਲ ਉਹ ਉਨ੍ਹਾਂ ਦੀ ਕੁਰਬਾਨੀ ਦਾ ਅਪਮਾਨ ਕਰ ਰਹੇ ਹਨ। ਇਹ ਬਿਆਨ ਸੁਣ ਕੇ ਮੈਨੂੰ ਬਹੁਤ ਦਰਦ ਹੋਇਆ।
'ਆਪ' ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਮੰਗਲਵਾਰ ਨੂੰ ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਕਿਹਾ ਕਿ ਪੰਜਾਬ ਦੀ ਨੰਬਰ ਪਲੇਟ ਵਾਲੀਆਂ ਗੱਡੀਆਂ ਦਿੱਲੀ ਦੇ ਅੰਦਰ ਘੁੰਮ ਰਹੀਆਂ ਹਨ, ਜੋ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਲਈ ਖ਼ਤਰਾ ਹਨ। ਇਹ ਆਪਣੇ ਆਪ ਵਿਚ ਬਹੁਤ ਗੰਭੀਰ ਮਾਮਲਾ ਹੈ। ਭਾਜਪਾ ਆਗੂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅੱਤਵਾਦੀ ਕਹਿ ਰਹੇ ਹਨ। ਇਹ ਲੋਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵੰਸ਼ਜਾਂ ਨੂੰ ਅੱਤਵਾਦੀ ਕਹਿ ਰਹੇ ਹਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੀ।