ਨਿਤਿਨ ਨਬੀਨ ਨੇ ਸੰਭਾਲਿਆ BJP ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ, ਅਮਿਤ ਸ਼ਾਹ ਤੇ ਜੇ.ਪੀ. ਨੱਢਾ ਨੇ ਕੀਤਾ ਸਵਾਗਤ

Monday, Dec 15, 2025 - 04:27 PM (IST)

ਨਿਤਿਨ ਨਬੀਨ ਨੇ ਸੰਭਾਲਿਆ BJP ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ, ਅਮਿਤ ਸ਼ਾਹ ਤੇ ਜੇ.ਪੀ. ਨੱਢਾ ਨੇ ਕੀਤਾ ਸਵਾਗਤ

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅਤੇ ਧਰਮੇਂਦਰ ਪ੍ਰਧਾਨ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਰਹੇ।
ਦਿੱਲੀ ਪਹੁੰਚਣ 'ਤੇ ਸ਼ਾਨਦਾਰ ਸਵਾਗਤ
ਨਿਤਿਨ ਨਬੀਨ ਦੇ ਦਿੱਲੀ ਪਹੁੰਚਣ 'ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਆਤਮਿਕ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਲਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ, ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਤੇ ਮੰਤਰੀਆਂ ਸਮੇਤ ਹੋਰ ਸੀਨੀਅਰ ਨੇਤਾ ਮੌਜੂਦ ਸਨ। ਭਾਜਪਾ ਦੇ ਮਲਟੀਪਰਪਜ਼ ਹਾਲ ਵਿੱਚ ਨਵੇਂ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦੇ ਸਨਮਾਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਰੱਖਿਆ ਗਿਆ ਸੀ। ਤਾਮਿਲਨਾਡੂ ਭਾਜਪਾ ਦੇ ਮੁਖੀ ਨੈਨਾਰ ਨਾਗੇਂਦਰਨ ਨੇ ਵੀ ਨਬੀਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਸਫਲਤਾ ਮਿਲਣ ਦੀ ਉਮੀਦ ਜਤਾਈ।
ਪ੍ਰਧਾਨ ਮੰਤਰੀ ਦਾ ਮਿਲਿਆ ਆਸ਼ੀਰਵਾਦ
ਅਹੁਦਾ ਸੰਭਾਲਣ ਤੋਂ ਪਹਿਲਾਂ ਨਿਤਿਨ ਨਬੀਨ ਨੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਮੈਨੂੰ ਇਹ ਮੌਕਾ ਦੇਣ ਲਈ ਮੈਂ ਕੇਂਦਰੀ ਲੀਡਰਸ਼ਿਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਲੀਡਰਸ਼ਿਪ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਹਾਂ"। ਨਬੀਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਪ੍ਰਾਪਤ ਹੈ ਅਤੇ ਉਹ ਉਨ੍ਹਾਂ ਦੁਆਰਾ ਦਿੱਤੇ ਗਏ ਮਾਰਗਦਰਸ਼ਨ ਅਤੇ ਅਗਵਾਈ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੇ ਪਾਰਟੀ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਉਣ ਦਾ ਸੰਕਲਪ ਲਿਆ।
ਨਿਤਿਨ ਨਬੀਨ ਬਾਰੇ ਖ਼ਾਸ ਗੱਲਾਂ
ਨਿਤਿਨ ਨਬੀਨ ਭਾਜਪਾ ਦੇ ਨੌਜਵਾਨ ਅਤੇ ਤੇਜ਼-ਤਰਾਰ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਉਹ ਪਟਨਾ ਦੀ ਬਾਂਕੀਪੁਰ ਵਿਧਾਨ ਸਭਾ ਸੀਟ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਚੁਣੇ ਗਏ ਹਨ। ਉਹ 2006, 2010, 2015, 2020 ਅਤੇ 2025 ਵਿੱਚ ਲਗਾਤਾਰ ਜਿੱਤੇ। ਵਰਤਮਾਨ ਵਿੱਚ, ਉਹ ਬਿਹਾਰ ਸਰਕਾਰ ਵਿੱਚ ਨਗਰੀ ਵਿਕਾਸ ਅਤੇ ਆਵਾਸ ਮੰਤਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਲੋਕ ਨਿਰਮਾਣ ਵਿਭਾਗ (PWD) ਦੇ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਜਨਮ 23 ਮਈ 1980 ਨੂੰ ਝਾਰਖੰਡ ਦੇ ਰਾਂਚੀ ਵਿੱਚ ਹੋਇਆ ਸੀ ਅਤੇ ਉਹ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਰਾਸ਼ਟਰੀ ਜਨਰਲ ਸਕੱਤਰ ਵੀ ਰਹੇ ਹਨ।


author

Shubam Kumar

Content Editor

Related News