ਜਰਮਨ ਯਾਤਰਾ ਦੌਰਾਨ ਭਾਰਤ ਦੇ ਦੁਸ਼ਮਣਾਂ ਨੂੰ ਮਿਲੇ ਰਾਹੁਲ ਗਾਂਧੀ : ਭਾਜਪਾ

Saturday, Dec 20, 2025 - 09:02 PM (IST)

ਜਰਮਨ ਯਾਤਰਾ ਦੌਰਾਨ ਭਾਰਤ ਦੇ ਦੁਸ਼ਮਣਾਂ ਨੂੰ ਮਿਲੇ ਰਾਹੁਲ ਗਾਂਧੀ : ਭਾਜਪਾ

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਜਰਮਨ ਯਾਤਰਾ ਦੌਰਾਨ ‘ਭਾਰਤ ਦੇ ਦੁਸ਼ਮਣਾਂ’ ਨਾਲ ਮੁਲਾਕਾਤ ਕੀਤੀ। ਪਾਰਟੀ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਸਵਾਲ ਕੀਤਾ ਕਿ ਅਜਿਹੇ ਤੱਤਾਂ ਨਾਲ ਹੱਥ ਮਿਲਾ ਕੇ ਉਹ ਦੇਸ਼ ਦੇ ਖਿਲਾਫ ਕਿਸ ਤਰ੍ਹਾਂ ਦੀ ‘ਸਾਜ਼ਿਸ਼’ ਰਚ ਰਹੇ ਹਨ।

ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਇੱਥੇ ਭਾਜਪਾ ਹੈੱਡਕੁਆਰਟਰ ’ਚ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਬਰਲਿਨ ਸਥਿਤ ਹਰਟੀ ਸਕੂਲ ਦੀ ਪ੍ਰੈਜ਼ੀਡੈਂਟ ਅਤੇ ਪ੍ਰੋਫੈਸਰ ਕਾਰਨੇਲੀਆ ਵੋਲ ਨਾਲ ਗਾਂਧੀ ਦੀ ਕਥਿਤ ਤਸਵੀਰ ਵਿਖਾਈ ਅਤੇ ਇਸ ਨੂੰ ਕਾਂਗਰਸ ਨੇਤਾ ਵੱਲੋਂ ‘ਜਰਮਨੀ ’ਚ ਭਾਰਤ-ਵਿਰੋਧੀ ਤਾਕਤਾਂ ਨਾਲ ਮੁਲਾਕਾਤ’ ਦਾ ‘ਸਬੂਤ’ ਦੱਸਿਆ। ਭਾਟੀਆ ਨੇ ਦਾਅਵਾ ਕੀਤਾ ਕਿ ਵੋਲ ਸੈਂਟਰਲ ਯੂਰਪੀਅਨ ਯੂਨੀਵਰਸਿਟੀ ਦੇ ਟਰੱਸਟੀਆਂ ’ਚੋਂ ਇਕ ਹਨ, ਜਿਸ ਨੂੰ ਅਮਰੀਕੀ ਅਰਬਪਤੀ ਨਿਵੇਸ਼ਕ ਜਾਰਜ ਸੋਰੋਸ ਦੇ ਓਪਨ ਸੋਸਾਇਟੀ ਫਾਊਂਡੇਸ਼ਨ ਵੱਲੋਂ ਫੰਡ ਦਿੱਤਾ ਜਾਂਦਾ ਹੈ।

ਰਾਹੁਲ ਗਾਂਧੀ ਜਾਂ ਕਾਂਗਰਸ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਪਿਛਲੇ ਸਾਲ ਵੀ, ਭਾਜਪਾ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਦੇ ਸੋਰੋਸ ਤੋਂ ਫੰਡ ਪ੍ਰਾਪਤ ਕਰਨ ਵਾਲੇ ਸੰਗਠਨਾਂ ਨਾਲ ਸਬੰਧ ਹਨ, ਜੋ ‘ਭਾਰਤ-ਵਿਰੋਧੀ’ ਸਰਗਰਮੀਆਂ ’ਚ ਸ਼ਾਮਲ ਹੈ। ਭਾਟੀਆ ਨੇ ਸ਼ਨੀਵਾਰ ਨੂੰ ਦੋਸ਼ ਲਾਇਆ, “ਜੇਕਰ ਕੋਈ ਭਾਰਤ ਵਿਰੋਧੀ ਤਾਕਤਾਂ ਨੂੰ ਮਿਲਦਾ ਹੈ ਅਤੇ ਵਿਦੇਸ਼ੀ ਧਰਤੀ ਤੋਂ ਭਾਰਤ ਦਾ ਅਪਮਾਨ ਕਰਦਾ ਹੈ, ਤਾਂ ਉਹ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਕੋਈ ਨਹੀਂ।” ਉਨ੍ਹਾਂ ਕਿਹਾ, “ਜਾਰਜ ਸੋਰੋਸ ਅਤੇ ਰਾਹੁਲ ਗਾਂਧੀ ਦੋ ਸਰੀਰ ਹਨ ਪਰ ਇਕ ਆਤਮਾ ਹੈ।”


author

Rakesh

Content Editor

Related News