ਮਨਰੇਗਾ ਦਾ ''ਯੋਜਨਾਬੱਧ ਕਤਲ'' ਕੀਤਾ ਜਾ ਰਿਹਾ ਹੈ, ਬਾਪੂ ਦੇ ਪ੍ਰਤੀ PM ਦਾ ਸਨਮਾਨ ਦਿਖਾਵਟੀ : ਖੜਗੇ

Thursday, Dec 18, 2025 - 12:07 PM (IST)

ਮਨਰੇਗਾ ਦਾ ''ਯੋਜਨਾਬੱਧ ਕਤਲ'' ਕੀਤਾ ਜਾ ਰਿਹਾ ਹੈ, ਬਾਪੂ ਦੇ ਪ੍ਰਤੀ PM ਦਾ ਸਨਮਾਨ ਦਿਖਾਵਟੀ : ਖੜਗੇ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਮਨਰੇਗਾ ਦਾ ਸਿਰਫ਼ ਨਾਂ ਨਹੀਂ ਬਦਲਿਆ ਜਾ ਰਿਹਾ ਹੈ ਸਗੋਂ ਇਸ ਯੋਜਨਾ ਦਾ 'ਯੋਜਨਾਬੱਧ ਕਤਲ' ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ੀ ਧਰਤੀ 'ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਮਹਾਤਮਾ ਗਾਂਧੀ ਦੀਆਂ ਮੂਰਤੀਆਂ 'ਤੇ ਫੁੱਲ ਚੜ੍ਹਾਇਆ ਜਾਣਾ ਸਿਰਫ਼ ਦਿਖਾਵਾ ਹੈ। ਖੜਗੇ ਨੇ ਸੰਸਦ ਕੰਪਲੈਕਸ 'ਚ ਵਿਰੋਧੀ ਦਲਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵੀ ਕਿਹਾ ਕਿ ਮਨਰੇਗਾ ਦਾ ਨਾਂ ਬਦਲ ਕੇ ਸਰਕਾਰ ਦੇ ਕਦਮ ਦਾ ਕਾਂਗਰਸ ਸੜਕ ਤੋਂ ਸੰਸਦ ਤੱਕ ਵਿਰੋਧ ਕਰੇਗੀ। ਸੰਸਦ ਕੰਪਲੈਕਸ 'ਚ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਅਤੇ ਕਈ ਹੋਰ ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। 

ਵਿਰੋਧੀ ਸੰਸਦ ਮੈਂਬਰਾਂ ਨੇ 'ਗਰੀਬਾਂ ਦਾ ਅਧਿਕਾਰ ਵਾਪਸ ਦਿਓ' ਅਤੇ 'ਤਾਨਾਸ਼ਾਹੀ ਨਹੀਂ ਚੱਲੇਗੀ' ਦੇ ਨਾਅਰੇ ਲਗਾਏ। ਖੜਗੇ ਨੇ ਕਿਹਾ,''ਅੱਜ ਗੱਲ ਸਿਰਫ਼ ਮਨਰੇਗਾ ਦਾ ਨਾਂ ਬਦਲਣ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਕੰਮ ਦੇ ਅਧਿਕਾਰ ਨੂੰ ਖੋਹੇ ਜਾਣ ਦੀ ਗੱਲ ਹੈ। ਸਰਕਾਰ ਉਸ ਅਧਿਕਾਰ ਨੂੰ ਖੋਹ ਰਹੀ ਹੈ, ਜੋ ਅਸੀਂ ਦਿੱਤਾ ਸੀ। ਇਸ ਨਵੇਂ ਕਾਨੂੰਨ 'ਚ ਸਰਕਾਰ ਦਾ ਜਦੋਂ ਮਨ ਹੋਵੇਗਾ, ਉਦੋਂ ਉਹ ਕੰਮ ਦੇਵੇਗੀ... ਬਾਅਦ 'ਚ ਇਹ ਬੋਲ ਕੇ ਕੰਮ ਦੇਮ ਤੋਂ ਮਨ੍ਹਾਂ ਕਰ ਦੇਵੇਗੀ ਕਿ ਅਜੇ ਮੰਗ ਨਹੀਂ ਹੈ।'' ਉਨ੍ਹਾਂ ਦਾ ਕਹਿਣਾ ਸੀ ਕਿ ਇਹ ਇਕ ਵੱਡਾ ਮੁੱਦਾ ਹੈ ਅਤੇ ਪਿਛਲੇ ਵਰਗ, ਦਲਿਤ ਵਰਗ ਦੇ ਨਾਲ ਗਰੀਬਾਂ ਦੇ ਅਧਿਕਾਰਾਂ 'ਤੇ ਹਮਲਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ,''ਅਸੀਂ ਲੋਕਾਂ ਦੇ ਅਧਿਕਾਰ ਲਈ ਹਰ ਸੂਬੇ ਅਤੇ ਜ਼ਿਲ੍ਹੇ 'ਚ ਲੜਾਂਗੇ। ਇਹ ਸਿਰਫ਼ ਮਹਾਤਮਾ ਗਾਂਧੀ ਜੀ ਦੇ ਨਾਂ ਦੀ ਗੱਲ ਨਹੀਂ ਸਗੋਂ ਸਵਾਲ ਅਧਿਕਾਰਾਂ ਦਾ ਵੀ ਹੈ।''


author

DIsha

Content Editor

Related News