ਬਿਹਾਰ ਦੇ ਲੋਕਾਂ ਬਾਰੇ ਕੇਜਰੀਵਾਲ ਦਾ ਸ਼ਰਮਨਾਕ ਬਿਆਨ

09/30/2019 11:33:53 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਾਲੀਆ ਬਿਆਨ 'ਤੇ ਫਿਰ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਕੇਜਰੀਵਾਲ ਨੇ ਇਕ ਪ੍ਰੋਗਰਾਮ 'ਚ ਇਲਾਜ ਲਈ ਦਿੱਲੀ ਆਉਣ ਵਾਲੇ ਬਾਹਰ ਦੇ ਲੋਕਾਂ (ਖਾਸ ਕਰ ਕੇ ਬਿਹਾਰ ਦੇ ਲੋਕਾਂ) 'ਤੇ ਕਮੈਂਟ ਕੀਤਾ ਸੀ, ਜਿਸ 'ਤੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾ ਦੀ ਪਾਰਟੀ ਜਨਤਾ ਦਲ (ਯੂ) ਨੇ ਵੀ ਬਿਆਨ ਦੀ ਨਿੰਦਾ ਕੀਤੀ ਹੈ। ਐਤਵਾਰ ਨੂੰ ਇਕ ਪ੍ਰੋਗਰਾਮ 'ਚ ਕੇਜਰੀਵਾਲ ਦਿੱਲੀ ਦੀ ਸਿਹਤ ਵਿਵਸਥਾ ਦਾ ਜ਼ਿਕਰ ਕਰ ਰਹੇ ਸਨ। ਉਨ੍ਹਾਂ ਨੇ ਉੱਥੇ ਕਿਹਾ ਸੀ,''ਦਿੱਲੀ 'ਚ ਬਾਹਰ ਤੋਂ ਵੀ ਬਹੁਤ ਲੋਕ ਆ ਰਹੇ ਹਨ ਇਲਾਜ ਕਰਵਾਉਣ ਲਈ, ਬਿਹਾਰ ਤੋਂ ਇਕ ਆਦਮੀ 500 ਰੁਪਏ ਦੀ ਟਿਕਟ ਲੈਂਦਾ ਹੈ, ਦਿੱਲੀ ਆਉਂਦਾ ਹੈ ਅਤੇ 5 ਲੱਖ ਰੁਪਏ ਦਾ ਆਪਰੇਸ਼ਨ ਮੁਫ਼ਤ 'ਚ ਕਰਵਾਉਂਦਾ ਹੈ।'' ਇਸ ਬਿਆਨ 'ਤੇ ਹੁਣ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ।

ਜਨਤਾ ਦਲ (ਯੂ) ਨੇ ਕੀਤੀ ਨਿੰਦਾ
ਜਨਤਾ ਦਲ (ਯੂ) ਦੇ ਸੀਨੀਅਰ ਨੇਤਾ ਕੇ.ਸੀ. ਤਿਆਗੀ ਨੇ ਕੇਜਰੀਵਾਲ ਦੇ ਬਿਆਨ ਨੂੰ ਨਿੰਦਾਯੋਗ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਬਿਹਾਰ ਅਤੇ ਯੂ.ਪੀ. ਵਾਲਿਆਂ ਕਾਰਨ ਹੀ ਚੋਣਾਂ ਜਿੱਤੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਸਿਰਫ਼ ਆਮ ਆਦਮੀ ਪਾਰਟੀ (ਆਪ) ਦੀ ਨਹੀਂ ਹੈ, ਉੱਥੇ ਦੇਸ਼ ਦੇ ਹਰ ਕੋਨੇ ਤੋਂ ਲੋਕ ਇਲਾਜ ਲਈ ਆਉਂਦੇ ਹਨ। ਤਿਆਗੀ ਨੇ ਅੱਗੇ ਕਿਹਾ ਕਿ ਕੇਜਰੀਵਾਲ ਸਤਿਕਾਰਯੋਗ ਨੇਤਾ ਹਨ ਅਤੇ ਉਨ੍ਹਾਂ ਨੂੰ ਬਾਲ ਠਾਕਰੇ ਦੀ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ।
ਤਿਆਗੀ ਨੇ ਕਿਹਾ,''ਦਿੱਲੀ 'ਚ ਸਰਕਾਰੀ ਹਸਪਤਾਲ ਘੱਟ ਹੋ ਸਕਦੇ ਹਨ, ਮੈਂ ਜ਼ਿਆਦਾ ਹਸਪਤਾਲ ਬਣਾਉਣ ਦੀ ਵਕਾਲ ਕਰਦਾ ਹਾਂ, ਜਿਸ ਨਾਲ ਪ੍ਰਾਈਵੇਟ ਹਸਪਤਾਲਾਂ 'ਚ ਹੋਣ ਵਾਲੀ ਲੁੱਟ ਬੰਦ ਹੋਵੇ ਪਰ ਇਲਾਜ ਲਈ ਆ ਰਹੇ ਲੋਕਾਂ ਲਈ ਇਸ ਤਰ੍ਹਾਂ ਬੋਲਣਾ ਠੀਕ ਨਹੀਂ।''

ਜ਼ਿਕਰਯੋਗ ਹੈ ਕਿ ਪ੍ਰੋਗਰਾਮ 'ਚ ਕੇਜਰੀਵਾਲ ਨੇ ਅੱਗੇ ਦੇਸ਼ ਭਰ ਦੀ ਸਿਹਤ ਵਿਵਸਥਾ ਸੁਧਾਰਨ ਦੀ ਗੱਲ ਵੀ ਕੀਤੀ ਸੀ। ਕੇਜਰੀਵਾਲ ਨੇ ਬਿਹਾਰ ਵਾਲੀ ਗੱਲ ਤੋਂ ਬਾਅਦ ਕਿਹਾ ਸੀ,''ਉਂਝ ਇਸ ਤੋਂ ਖੁਸ਼ੀ ਹੁੰਦੀ ਹੈ ਕਿ ਆਪਣੇ ਹੀ ਦੇਸ਼ ਦੇ ਲੋਕ ਹਨ। ਸਾਰਿਆਂ ਦਾ ਇਲਾਜ ਹੋਵੇ, ਸਾਰੇ ਖੁਸ਼ ਰਹਿਣ ਪਰ ਦਿੱਲੀ ਦੀਆਂ ਆਪਣੀਆਂ ਹੱਦਾਂ ਹਨ, ਇਸ ਲਈ ਸਾਰੇ ਦੇਸ਼ ਦੀ ਵਿਵਸਥਾ ਸੁਧਰਨੀ ਚਾਹੀਦੀ ਹੈ।''


DIsha

Content Editor

Related News