ਅਰੁਣ ਜੇਤਲੀ ਦੀ ਹਾਲਤ ਨਾਜ਼ੁਕ, ਏਮਜ਼ ਪਹੁੰਚ ਸਕਦੇ ਹਨ ਪੀ.ਐਮ. ਮੋਦੀ ਤੇ ਅਮਿਤ ਸ਼ਾਹ
Sunday, Aug 18, 2019 - 09:23 PM (IST)

ਨਵੀਂ ਦਿੱਲੀ (ਏਜੰਸੀ)- ਬੀ.ਜੇ.ਪੀ. ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਬੀ.ਜੇ.ਪੀ. ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਵੀ ਉਨ੍ਹਾਂ ਨੂੰ ਦੇਖਣ ਲਈ ਏਮਸ ਪਹੁੰਚੇ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਏਮਸ ਪਹੁੰਚ ਸਕਦੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨੂੰ ਦੇਖਣ ਏਮਸ ਪਹੁੰਚੇ ਸਨ। ਅਰੁਣ ਜੇਤਲੀ ਨੂੰ ਏਮਸ ਵਿਚ ਡਾਕਟਰਾਂ ਨੇ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਵੇਂਟੀਲੇਟਰ ਤੋਂ ਹਟਾ ਕੇ ਈ.ਸੀ.ਐਮ.ਓ. ਯਾਨੀ ਐਕਸਟ੍ਰਾਕਾਰਪੋਰੀਅਲ ਮੈਂਬ੍ਰੇਨ ਆਕਸੀਜਿਨੇਸ਼ਨ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਅਰੁਣ ਜੇਤਲੀ ਨੂੰ 9 ਅਗਸਤ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਵਿਚ ਦਾਖਲ ਕਰਵਾਇਆ ਗਿਆ ਸੀ। ਉਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਦੇ ਨਾਲ ਹੀ ਉਨ੍ਹਾਂ ਲਈ ਦੁਆਵਾਂ ਦਾ ਦੌਰ ਵੀ ਜਾਰੀ ਹੈ। ਸ਼ਨੀਵਾਰ ਨੂੰ ਅਰੁਣ ਜੇਤਲੀ ਦੇ ਛੇਤੀ ਸਿਹਤਯਾਬ ਹੋਣ ਲਈ ਹਵਨ ਕੀਤਾ ਗਿਆ। ਉਥੇ ਹੀ ਸ਼ਨੀਵਾਰ ਤੋਂ ਅਰੁਣ ਜੇਤਲੀ ਦਾ ਹਾਲ ਜਾਨਣ ਵਾਲਿਆਂ ਦਾ ਏਮਸ ਵਿਚ ਤਾਂਤਾ ਲੱਗਾ ਰਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਏਮਸ ਪਹੁੰਚ ਕੇ ਅਰੁਣ ਜੇਤਲੀ ਦਾ ਹਾਲ ਪੁੱਛਿਆ, ਨਾਲ ਹੀ ਅਰੁਣ ਜੇਤਲੀ ਦੀ ਹਾਲਤ 'ਤੇ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ।