ਜੇਤਲੀ ਨੇ ਆਪਣੇ ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਮਿਲਣ ਦਾ ਲੱਭਿਆ ਰਾਹ

Thursday, Jul 19, 2018 - 09:59 AM (IST)

ਜੇਤਲੀ ਨੇ ਆਪਣੇ ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਮਿਲਣ ਦਾ ਲੱਭਿਆ ਰਾਹ

ਨਵੀਂ ਦਿੱਲੀ— ਅਰੁਣ ਜੇਤਲੀ ਜਿਨ੍ਹਾਂ ਦਾ 14 ਮਈ ਨੂੰ ਕਿਡਨੀ ਦਾ ਆਪ੍ਰੇਸ਼ਨ ਹੋਇਆ ਸੀ, ਅੱਜ-ਕਲ ਆਪਣੇ ਸਰਕਾਰੀ ਨਿਵਾਸ ਵਿਖੇ ਆਰਾਮ ਕਰ ਰਹੇ ਹਨ। ਡਾਕਟਰਾਂ ਨੇ ਭਾਵੇਂ ਉਨ੍ਹਾਂ ਨੂੰ ਆਮ ਲੋਕਾਂ ਤੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਹੋਇਆ ਹੈ ਪਰ ਉਨ੍ਹਾਂ ਇਸ ਸੰਬੰਧੀ ਇਕ ਰਾਹ ਲੱਭ ਲਿਆ ਹੈ। ਜੇਤਲੀ ਅੱਜ-ਕਲ 24 ਘੰਟੇ ਡਾਕਟਰਾਂ ਦੀ ਨਿਗਰਾਨੀ 'ਚ ਹਨ ਅਤੇ ਉਹ ਜਿਸ ਕਮਰੇ 'ਚ ਰਹਿੰਦੇ ਹਨ, ਨੂੰ ਪੂਰੀ ਤਰ੍ਹਾਂ ਸਟਰਲਾਈਜ਼ ਕੀਤਾ ਗਿਆ ਹੈ। ਉਸ ਕਮਰੇ 'ਚ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ। ਜੇਤਲੀ ਕਿਉਂਕਿ ਤੇਜ਼ੀ ਨਾਲ ਤੰਦਰੁਸਤ ਹੋ ਰਹੇ ਹਨ, ਇਸ ਲਈ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਘੁੰਮਣ-ਫਿਰਨ ਦੀ ਆਗਿਆ ਦੇ ਦਿੱਤੀ ਹੈ। ਉਹ ਅੱਜਕਲ ਰੋਜ਼ਾਨਾ ਦੇ ਆਧਾਰ 'ਤੇ ਬਲਾਗ ਲਿਖਦੇ ਹਨ, ਟੀ. ਵੀ. ਦੇਖਦੇ ਹਨ ਅਤੇ ਵੀਡੀਓ ਕਾਨਫਰੰਸਿੰਗ ਕਰਦੇ ਹਨ। ਹੁਣ ਆਪਣੇ ਨਿਵਾਸ ਵਿਖੇ ਆਪਣੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੂੰ ਮਿਲਣਾ ਸ਼ੁਰੂ ਕਰ ਰਹੇ ਹਨ। ਰੋਜ਼ਾਨਾ 10 ਤੋਂ 12 ਵਿਅਕਤੀਆਂ ਨੂੰ  ਉਹ ਵੀਡੀਓ ਕਾਨਫਰੰਸਿੰਗ ਰਾਹੀਂ ਮਿਲਣਗੇ।
ਜਾਣਕਾਰੀ ਮੁਤਾਬਕ ਜੇਤਲੀ ਨਾਲ ਮੁਲਾਕਾਤ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਕਿਉਂਕਿ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਇਸ ਲਈ ਜੇਤਲੀ ਨੇ ਸਭ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਮੁਲਾਕਾਤ ਬਿਲਕੁੱਲ ਆਹਮੋ-ਸਾਹਮਣੇ ਬੈਠ ਕੇ ਨਹੀਂ ਹੋਵੇਗੀ ਸਗੋਂ ਇਸ ਮੰਤਵ ਲਈ ਇਕ ਵਿਸ਼ੇਸ਼ ਖਿੜਕੀ ਬਣਾਈ ਗਈ ਹੈ, ਜਿਸ ਨੂੰ ਸ਼ੀਸ਼ਾ ਲੱਗਾ ਹੋਇਆ ਹੈ। ਉਸਦੇ ਇਕ ਪਾਸੇ ਜੇਤਲੀ ਬੈਠ ਕੇ ਆਉਣ ਵਾਲੇ ਲੋਕਾਂ ਨਾਲ ਮੁਲਾਕਾਤ ਕਰਨਗੇ। ਇਕ-ਦੂਜੇ ਦਾ ਹੱਥ ਹਿਲਾ ਕੇ ਅਭਿਵਾਦਨ ਸਵੀਕਾਰ ਕਰਨਗੇ। ਜੇਤਲੀ ਕਿਉਂਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਨ, ਇਸ ਲਈ ਉਨ੍ਹਾਂ ਲਈ ਵੀਡੀਓ ਕਾਨਫਰੰਸਿੰਗ ਦੀ ਸਹੂਲਤ ਸੰਸਦ ਭਵਨ ਸਥਿਤ ਉਨ੍ਹਾਂ ਦੇ ਚੈਂਬਰ ਤੱਕ ਮੁਹੱਈਆ ਕਰਵਾਈ ਗਈ ਹੈ। ਉਹ ਆਪਣੇ ਨਿਵਾਸ ਤੋਂ ਚੈਂਬਰ 'ਚ ਮੌਜੂਦ ਪ੍ਰਮੁਖ ਸ਼ਖਸੀਅਤਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦੇ ਹਨ। ਜੇਤਲੀ ਦੇ ਇਸ ਮਹੀਨੇ ਦੇ ਅੰਤ 'ਚ ਜਾਂ ਅਗਸਤ ਦੇ ਸ਼ੁਰੂ 'ਚ ਨਾਰਥ ਬਲਾਕ ਵਿਖੇ ਆ ਕੇ ਵਿੱਤ ਮੰਤਰੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਮੁੜ ਤੋਂ ਸੰਭਾਲ ਲੈਣ ਦੀ ਸੰਭਾਵਨਾ ਹੈ।


Related News