ਪੂਰਬੀ ਲੱਦਾਖ ’ਚ ਫ਼ੌਜ ਦੀ ਤਾਕਤ ਵਧਾ ਰਹੀਆਂ ਹਨ ਨਵੀਆਂ ਸੜਕਾਂ
Monday, Nov 08, 2021 - 12:14 PM (IST)
ਜੰਮੂ- ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੇੜੇ ਤੇਜ਼ੀ ਨਾਲ ਬਣ ਰਹੀਆਂ ਸੜਕਾਂ ਦੂਰ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਅਤੇ ਸੈਲਾਨੀਆਂ ਲਈ ਸਹੂਲਤ ਨਾਲ ਫ਼ੌਜ ਦੀ ਤਾਕਤ ਵਧਾ ਰਹੀ ਹੈ। ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਅਤੇ ਪੂਰਬੀ ਲੱਦਾਖ ਦੇ ਗਲਵਾਨ ’ਚ ਚੀਨ ਦੀ ਫ਼ੌਜ ਨਾਲ ਖੂਨੀ ਸੰਘਰਸ਼ ਤੋਂ ਬਾਅਦ ਐੱਲ.ਏ.ਸੀ. ’ਤੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਨਵੰਬਰ ਦੀ ਠੰਡ ’ਚ ਚੁਣੌਤੀਪੂਰਨ ਹਾਲਾਤ ਦਰਮਿਆਨ ਵਿਸ਼ਵ ਪ੍ਰਸਿੱਧ ਪੈਂਗਾਂਗ ਝੀਲ ਕੋਲ ਸਪਾਂਗਮਿਕ ਤੋਂ ਕਾਸਕੇਤ ਇਲਾਕੇ ਤੱਕ 11.41 ਕਰੋੜ ਰੁਪਏ ਦੀ ਲਾਗਤ ਨਾਲ 28 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਹੁਣ ਕਰੀਬ 11 ਕਿਲੋਮੀਟਰ ਸੜਕ ਬਣਾਉਣਾ ਬਾਕੀ ਹੈ। ਬਿਹਤਰ ਸੜਕਾਂ ਖੇਤਰ ਦੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਵਧਾਉਣ ਦੇ ਨਾਲ ਆਰਥਿਕ ਰੂਪ ਨਾਲ ਵੀ ਮਜ਼ਬੂਤ ਬਣਾਉਣਗੀਆਂ। ਅਸਲ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ’ਚ ਇਸ ਸਮੇਂ ਦੁੱਗਣੀ ਗਤੀ ਨਾਲ ਵਿਕਾਸ ਹੋ ਰਿਹਾ ਹੈ। ਇਕ ਪਾਸੇ ਸਰਹੱਦੀ ਸੜਕ ਸੰਗਠਨ ਫ਼ੌਜ ਦ੍ਰਿਸ਼ਟੀ ਨਾਲ ਅਹਿਮ ਇਲਾਕਿਆਂ ’ਚ ਸੜਕ ਸੰਪਰਕ ਬਿਹਤਰ ਬਣਾ ਰਿਹਾ ਹੈ ਤਾਂ ਦੂਜੇ ਪਾਸੇ ਲੱਦਾਖ ਪ੍ਰਸ਼ਾਸਨ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਨਾਲ ਦੂਰ ਦੇ ਇਲਾਕਿਆਂ ਦੀ ਮੁੜ ਨਿਰਮਾਣ ਕਰਨ ਦੀ ਰਾਹ ’ਤੇ ਹੈ।