ਪਾਕਿਸਤਾਨੀ ਮਹਿਲਾ ਏਜੰਟ ਦੇ ਜਾਲ ''ਚ ਫਸੇ ਜਵਾਨ ਨੇ ਸਾਂਝੀ ਕੀਤੀ ਫ਼ੌਜ ਦੀ ਖੁਫ਼ੀਆ ਜਾਣਕਾਰੀ, ਗ੍ਰਿਫ਼ਤਾਰ
Saturday, May 21, 2022 - 07:32 PM (IST)
ਜੈਪੁਰ (ਭਾਸ਼ਾ)- ਭਾਰਤੀ ਫ਼ੌਜ ਦੇ ਇਕ ਜਵਾਨ ਨੂੰ ਪਾਕਿਸਤਾਨੀ ਏਜੰਟ ਨਾਲ ਭਾਰਤੀ ਫ਼ੌਜ ਬਾਰੇ ਗੁਪਤ ਅਤੇ ਸਿਆਸੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਜੋਧਪੁਰ 'ਚ ਗਨਰ ਦੇ ਅਹੁਦੇ 'ਤੇ ਤਾਇਨਾਤ ਪ੍ਰਦੀਪ ਕੁਮਾਰ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਇਕ ਏਜੰਟ ਦੇ ਸੰਪਰਕ 'ਚ ਸੀ। ਫ਼ੌਜ ਦੇ ਜਵਾਨ ਦੀ ਆਵਾਜਾਈ 'ਤੇ ਨਜ਼ਰ ਰੱਖੀ ਜਾ ਰਹੀ ਸੀ। ਇਹ ਪਤਾ ਲੱਗਾ ਹੈ ਕਿ ਫ਼ੌਜੀ ਫੇਸਬੁੱਕ ਅਤੇ ਵਟਸਐਪ ਰਾਹੀਂ ਪਾਕਿਸਤਾਨੀ ਮਹਿਲਾ ਏਜੰਟ ਦੇ ਸੰਪਰਕ ਵਿਚ ਸੀ ਅਤੇ ਗੁਪਤ ਜਾਣਕਾਰੀ ਸਾਂਝੀ ਕਰ ਰਿਹਾ ਸੀ। ਇਸ ਤੋਂ ਬਾਅਦ ਦੋਸ਼ੀ ਨੂੰ 18 ਮਈ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਅਤੇ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤਿੰਨ ਸਾਲ ਪਹਿਲਾਂ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ ਅਤੇ ਮੂਲ ਰੂਪ ਵਿਚ ਉੱਤਰਾਖੰਡ ਦਾ ਰਹਿਣ ਵਾਲਾ ਹੈ।
ਅਧਿਕਾਰੀਆਂ ਅਨੁਸਾਰ ਦੋਸ਼ੀ ਕੁਮਾਰ ਕੋਲ ਕਰੀਬ ਛੇ ਮਹੀਨੇ ਪਹਿਲਾਂ ਉਨ੍ਹਾਂ ਦੇ ਮੋਬਾਈਲ 'ਤੇ ਫੋਨ ਆਇਆ ਸੀ। ਉਕਤ ਮਹਿਲਾ ਏਜੰਟ ਨੇ ਮੁਲਜ਼ਮਾਂ ਨੂੰ ਦਿੱਲੀ ਵਿਚ ਮਿਲਣ ਅਤੇ ਵਿਆਹ ਕਰਵਾਉਣ ਦੇ ਬਹਾਨੇ ਫ਼ੌਜ ਨਾਲ ਸਬੰਧਤ ਗੁਪਤ ਦਸਤਾਵੇਜ਼ਾਂ ਦੀਆਂ ਫੋਟੋਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਹਨੀਟ੍ਰੈਪ 'ਚ ਫਸੇ ਦੋਸ਼ੀ ਨੇ ਆਪਣੇ ਦਫ਼ਤਰ ਤੋਂ ਫੌਜ ਨਾਲ ਸਬੰਧਤ ਗੁਪਤ ਦਸਤਾਵੇਜ਼ਾਂ ਦੀਆਂ ਫੋਟੋਆਂ ਖਿੱਚ ਲਈਆਂ ਅਤੇ ਆਪਣੇ ਮੋਬਾਇਲ ਤੋਂ ਚੋਰੀ-ਛਿਪੇ ਵਟਸਐਪ ਰਾਹੀਂ ਮਹਿਲਾ ਏਜੰਟ ਨੂੰ ਭੇਜ ਦਿੱਤੀਆਂ। ਅਧਿਕਾਰੀਆਂ ਅਨੁਸਾਰ ਫੋਨ ਦੀ ਜਾਂਚ ਵਿਚ ਉਪਰੋਕਤ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਸਰਕਾਰੀ ਸੀਕਰੇਟ ਐਕਟ 1923 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ