ਘੁਸਪੈਠ ਰੋਕਣ ਲਈ ਭਾਰਤੀ ਫੌਜ ਨੇ ਕੱਸੀ ਕਮਰ, LoC ''ਤੇ ਵਧਾਏ ਫੌਜੀ ਜਵਾਨ
Monday, Oct 14, 2019 - 12:47 PM (IST)
ਨਵੀਂ ਦਿੱਲੀ/ਜੰਮੂ— 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਬੌਖਲਾਇਆ ਪਾਕਿਸਤਾਨ ਲਗਾਤਾਰ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਹੀ ਵਜ੍ਹਾ ਹੈ ਕਿ ਅੱਤਵਾਦੀਆਂ ਦੀ ਘੁਸਪੈਠ ਨਾਲ ਨਜਿੱਠਣ ਲਈ ਭਾਰਤੀ ਫੌਜ ਨੇ ਵੀ ਕਮਰ ਕੱਸ ਲਈ ਹੈ। ਭਾਰਤੀ ਫੌਜ ਨੇ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਅੱਤਵਾਦੀਆਂ ਵਲੋਂ ਜੰਮੂ-ਕਸ਼ਮੀਰ 'ਚ ਘੁਸਪੈਠ ਨੂੰ ਰੋਕਣ ਲਈ ਪਿਛਲੇ ਦੋ ਮਹੀਨਿਆਂ 'ਚ ਵੱਧ ਤੋਂ ਵੱਧ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਇਹ ਜਾਣਕਾਰੀ ਫੌਜ ਦੇ ਸੀਨੀਅਰ ਕਮਾਂਡਰਾਂ ਵਿਚੋਂ ਇਕ ਨੇ ਦਿੱਤੀ।
ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਧਾਰਾ-370 ਨੂੰ ਖਤਮ ਕਰਨ ਦੇ ਸਰਕਾਰ ਦੇ ਕਦਮ 'ਤੇ ਥੋੜ੍ਹਾ ਗੁੱਸਾ ਹਨ ਪਰ ਪਾਕਿਸਤਾਨ ਅੱਤਵਾਦੀ ਤੰਤਰ ਨੂੰ ਮੁੜ ਤੋਂ ਜਿਊਂਦਾ ਕਰਨ ਦੀ ਪੂਰੀ ਵਾਹ ਲਾ ਰਿਹਾ ਹੈ, ਤਾਂ ਕਿ ਸਰਹੱਦੀ ਇਲਾਕਿਆਂ ਨੂੰ ਅਸਥਿਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ 'ਤੇ ਜਦੋਂ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ, ਉਦੋਂ ਤੋਂ ਹੀ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਉਲੰਘਣਾ ਦੇ ਨਾਲ-ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਲੱਗਭਗ ਹਰ ਦਿਨ ਹੋ ਰਹੀਆਂ ਹਨ।
ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਅਸੀਂ ਕੰਟਰੋਲ ਰੇਖਾ 'ਤੇ ਘੁਸਪੈਠ ਨੂੰ ਰੋਕਣ ਅਤੇ ਉਸ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਲਈ ਵਾਧੂ ਫੌਜੀ ਜਵਾਨ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਪਾਕਿਸਤਾਨ ਵਲੋਂ ਸਰਹੱਦ ਉਲੰਘਣ ਦੀ ਗਿਣਤੀ 'ਚ ਵਾਧਾ ਹੋਇਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ 10 ਅਕਤੂਬਰ ਤਕ 2,317 ਉਲੰਘਣਾ ਹੋਈ ਹੈ, ਜਦਕਿ ਪਿਛਲੇ ਸਾਲ ਇਹ ਗਿਣਤੀ 1,629 ਅਤੇ 2018 ਵਿਚ 860 ਸੀ। ਪਾਕਿਸਤਾਨ ਫੌਜ ਕੰਟਰੋਲ ਰੇਖਾ 'ਤੇ ਜੰਗਬੰਦੀ ਉਲੰਘਣਾ ਕਰਦੀ ਰਹੀ ਹੈ, ਤਾਂ ਕਿ ਜੰਮੂ-ਕਸ਼ਮੀਰ ਵਿਚ ਘੁਸਪੈਠੀਆਂ ਦੀ ਮਦਦ ਕੀਤੀ ਜਾ ਸਕੇ ਅਤੇ ਅੱਤਵਾਦੀ ਹਮਲੇ ਕੀਤੇ ਜਾ ਸਕਣ। ਇਹ ਹੀ ਵਜ੍ਹਾ ਹੈ ਕਿ ਇਸ ਤਰ੍ਹਾਂ ਦੇ ਘੁਸਪੈਠੀਆਂ ਨੇ ਹਾਲ ਹੀ ਵਿਚ ਉੜੀ, ਪਠਾਨਕੋਟ 'ਚ ਆਤਮਘਾਤੀ ਹਮਲਿਆਂ ਨੂੰ ਅੰਜ਼ਾਮ ਦਿੱਤਾ ਹੈ।