ਜੰਮੂ-ਕਸ਼ਮੀਰ: ਫ਼ੌਜ ਨੇ 100 ਫੁੱਟ ਦੀ ਉੱਚਾਈ ''ਤੇ ਲਹਿਰਾਇਆ ਤਿਰੰਗਾ

03/09/2023 5:06:18 PM

ਡੋਡਾ- ਭਾਰਤੀ ਫ਼ੌਜ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ 100 ਫੁੱਟ ਦੀ ਉੱਚਾਈ 'ਤੇ ਰਾਸ਼ਟਰੀ ਤਿਰੰਗਾ ਲਹਿਰਾਇਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਉਨ੍ਹਾਂ ਅਣਗਿਣਤ ਫ਼ੌਜੀਆਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼  ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਚਿਨਾਬ ਘਾਟੀ ਖੇਤਰ ਵਿਚ ਫ਼ੌਜ ਵਲੋਂ ਇੰਨੀ ਉੱਚਾਈ 'ਤੇ ਲਹਿਰਾਇਆ ਗਿਆ ਇਹ ਦੂਜਾ ਰਾਸ਼ਟਰੀ ਤਿਰੰਗਾ ਹੈ। ਇਹ ਖੇਤਰ ਇਕ ਦਹਾਕੇ ਤੋਂ ਪਹਿਲਾਂ ਤੱਕ ਕਦੇ ਅੱਤਵਾਦ ਦਾ ਗੜ੍ਹ ਹੋਇਆ ਕਰਦਾ ਸੀ। ਪਿਛਲੇ ਸਾਲ ਜੁਲਾਈ ਵਿਚ ਕਿਸ਼ਤਵਾੜ ਸ਼ਹਿਰ 'ਚ ਵੀ 100 ਫੁੱਟ ਦੀ ਉੱਚਾਈ 'ਤੇ ਤਿਰੰਗਾ ਲਹਿਰਾਇਆ ਗਿਆ ਸੀ।

ਫ਼ੌਜ ਦੇ ਡੇਲਟਾ ਫੋਰਸ ਦੇ ਜਨਰਲ ਅਫ਼ਸਰ ਕਮਾਂਡਿੰਗ ਮੇਜਰ ਜਨਰਲ ਅਜੇ ਕੁਮਾਰ ਨੇ ਡੋਡਾ ਸਪੋਰਟਸ ਸਟੇਡੀਅਮ 'ਚ ਝੰਡਾ ਲਹਿਰਾਇਆ। ਉਨ੍ਹਾਂ ਨਾਲ ਰਾਸ਼ਟਰੀ ਰਾਈਫ਼ਲ ਦੇ ਸੈਕਟਰ-9 ਦੇ ਕਮਾਂਡਰ ਬ੍ਰਿਗੇਡੀਅਰ ਸਮੀਰ ਕੇ. ਪਲਾਂਡੇ, ਡੋਡਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਪਾਲ ਮਹਾਜਨ ਅਤੇ ਸੀਨੀਅਰ ਪੁਲਸ ਅਧਿਕਾਰੀ ਅਬਦੁੱਲ ਕਯੂਮ ਮੌਜੂਦ ਸਨ। ਮੇਜਰ ਕੁਮਾਰ ਨੇ ਦੇਸ਼ ਦੀ ਸੇਵਾ 'ਚ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਅਤੇ ਨਾਗਰਿਕ ਸਮਾਜ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ, ਜਿਨ੍ਹਾਂ ਨੇ ਰਾਸ਼ਟਰ ਨਿਰਮਾਣ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। 

ਮੇਜਰ ਕੁਮਾਰ ਮੁਤਾਬਕ ਡੋਡਾ ਵਿਚ ਆਪਣੀ ਤਰ੍ਹਾਂ ਦਾ ਪਹਿਲਾ 100 ਫੁੱਟ ਦੀ ਉੱਚਾਈ 'ਤੇ ਤਿਰੰਗਾ ਨਾ ਸਿਰਫ਼ ਫ਼ੌਜ ਲਈ ਸਗੋਂ ਇਸ ਪਹਾੜੀ ਜ਼ਿਲ੍ਹੇ ਦੇ ਸਾਰੇ ਵਾਸੀਆਂ ਲਈ ਮਾਣ ਦਾ ਪਲ ਹੈ। ਤਿਰੰਗੇ ਨੂੰ ਦੂਰ ਤੋਂ ਵੇਖਿਆ ਜਾ ਸਕਦਾ ਹੈ ਅਤੇ ਇਹ ਹਰ ਨਾਗਰਿਕ ਨੂੰ ਦੇਸ਼ ਲਈ ਮਾਣ ਮਹਿਸੂਸ ਕਰਵਾਏਗਾ।


Tanu

Content Editor

Related News