ਫ਼ੌਜ ਨੇ 6 ਦਿਨਾਂ ਦੇ ਰਿਕਾਰਡ ਸਮੇਂ ''ਚ ਪੂਰਾ ਕੀਤਾ 145 ਸਾਲ ਪੁਰਾਣੇ ਪੁਲ ਦਾ ਨਿਰਮਾਣ ਕੰਮ
Thursday, Sep 01, 2022 - 12:57 PM (IST)
ਪੁਣੇ (ਵਾਰਤਾ)- ਭਾਰਤੀ ਫ਼ੌਜ ਦੇ ਇੰਜੀਨੀਅਰਾਂ ਨੇ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ 'ਚ ਸੁਖਤਾਵਾ ਨਦੀ 'ਤੇ 145 ਸਾਲ ਪੁਰਾਣੇ ਪੁਲ ਦਾ ਮੁੜ ਨਿਰਮਾਣ ਦਾ ਕੰਮ 6 ਦਿਨਾਂ ਦੇ ਰਿਕਾਰਡ ਸਮੇਂ 'ਚ ਪੂਰਾ ਕੀਤਾ ਹੈ। ਅਪ੍ਰੈਲ 2022 'ਚ ਭਾਰੀ ਵਾਹਨ ਆਵਾਜਾਈ ਕਾਰਨ ਇਹ ਪੁਲ ਢਹਿ ਗਿਆ ਸੀ। ਦੱਖਣੀ ਕਮਾਨ ਦੇ ਸੁਦਰਸ਼ਨ ਚੱਕਰ ਕੋਰ ਦੇ ਭਾਰਤੀ ਫ਼ੌਜ ਦੇ ਇੰਜੀਨੀਅਰਾਂ ਨੇ ਮੋਹਲੇਧਾਰ ਮੀਂਹ ਦਰਮਿਆਨ ਨਰਮਦਾਪੁਰਮ ਕੋਲ ਭੋਪਾਲ-ਨਾਗਪੁਰ ਰਾਸ਼ਟਰੀ ਰਾਜਮਾਰਗ 46 'ਤੇ ਸੁਖਤਵਾ ਨਦੀ 'ਤੇ 90 ਫੁੱਟ 'ਬੇਲੀ ਬਰਿੱਜ' ਦਾ ਨਿਰਮਾਣ ਯੁੱਧ ਪੱਧਰ 'ਤੇ ਸ਼ੁਰੂ ਕੀਤਾ ਸੀ। ਵੀਰਵਾਰ ਨੂੰ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਗਿਆ ਕਿ ਭੋਪਾਲ-ਨਾਗਪੁਰ ਰਾਜਮਾਰਗ 46 'ਤੇ ਸੁਖਤਵਾ 'ਤੇ ਫ਼ੌਜ ਦੇ ਰਿਕਾਰਡ ਸਮੇਂ 'ਚ ਬਣਾਏ ਗਏ 'ਬੇਲੀ ਬਰਿੱਜ' ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਅੱਜ ਤੋਂ ਇਸ 'ਤੇ ਆਵਾਜਾਈ ਵੀ ਬਹਾਲ ਕਰ ਦਿੱਤੀ ਗਈ ਹੈ।
ਬਰਿੱਜ ਦਾ ਉਦਘਾਟਨ ਮੇਜਰ ਜਨਰਲ ਐੱਸ.ਆਈ. ਡਿਕੂਨਾ, ਜੀ.ਓ.ਸੀ. ਪੱਛਮੀ ਮੱਧ ਸਬ ਏਰੀਆ ਨੇ ਕੀਤਾ। ਪੁਲ ਦਾ ਕੰਮ 26 ਅਗਸਤ ਨੂੰ ਸ਼ੁਰੂ ਹੋਇਆ ਸੀ। ਬਰਿੱਜ 93 ਫੁੱਟ ਲੰਬਾ ਅਤੇ 10.50 ਫੁੱਟ ਚੌੜਾ ਹੈ। ਇਹ ਸਿੰਗਲ ਲੇਨ ਹੈ, ਜਿਸ 'ਤੇ 40 ਟਨ ਭਾਰੀ ਵਾਹਨ ਨਿਕਲ ਸਕਣਗੇ। ਮੱਧ ਪ੍ਰਦੇਸ਼ 'ਚ ਇਹ ਪਹਿਲੀ ਵਾਰ ਹੈ, ਜਦੋਂ ਭਾਰਤੀ ਫ਼ੌਜ ਨੇ ਇਸ ਤਰ੍ਹਾਂ ਦਾ ਪੁਲ ਬਣਾਇਆ ਹੈ। ਸੂਤਰਾਂ ਨੇ ਕਿਹਾ,''ਇਸ ਪੁਲ ਦੇ ਨਿਰਮਾਣ ਨਾਲ ਭੋਪਾਲ ਨੂੰ ਨਾਗਪੁਰ ਤੋਂ ਬੈਤੂਲ ਦੇ ਮਾਧਿਅਮ ਦੇ ਰਸਤੇ ਜੋੜਨ ਵਾਲੇ ਮਹੱਤਵਪੂਰਨ ਰਾਸ਼ਟਰੀ ਰਾਜਮਾਰਗ 46 'ਤੇ ਸੰਪਰਕ ਬਹਾਲ ਹੋ ਗਿਆ। ਇਸ ਪੁਲ ਦਾ ਨਿਰਮਾਣ ਮਹੱਤਵਪੂਰਨ ਸਾਮਾਨ ਦੀ ਆਵਾਜਾਈ ਲਈ ਇਕ ਵਰਦਾਨ ਹੋਵੇਗਾ ਅਤੇ ਇਸ ਨਾਲ ਨੇੜੇ-ਤੇੜੇ ਦੇ ਕਸਬਿਆਂ ਅਤੇ ਪਿੰਡਾਂ ਤੋਂ ਸਥਾਨਕ ਲੋਕਾਂ ਅਤੇ ਨਾਗਰਿਕਾਂ ਦੀ ਤੇਜ਼ੀ ਨਾਲ ਆਵਾਜਾਈ ਦੀ ਸਹੂਲਤ ਹੋਵੇਗੀ।''