ਲੁੱਕਣ-ਮੀਟੀ ਜ਼ਿਆਦਾ ਦੇਰ ਨਹੀਂ ਚੱਲੇਗੀ, LOC ਪਾਰ ਕਰਨੀ ਪਈ ਤਾਂ ਕਰਾਂਗੇ : ਰਾਵਤ
Monday, Sep 30, 2019 - 11:29 AM (IST)

ਨਵੀਂ ਦਿੱਲੀ— ਸਰਹੱਦ 'ਤੇ ਵਧ ਰਹੀਆਂ ਅੱਤਵਾਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਫੌਜ ਮੁਖੀ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨਾਲ ਲੁੱਕਣ-ਮੀਟੀ ਦੀ ਖੇਡ ਜ਼ਿਆਦਾ ਦੇਰ ਤਕ ਨਹੀਂ ਚੱਲੇਗੀ। ਜੇਕਰ ਜ਼ਰੂਰਤ ਪਈ ਤਾਂ ਅਸੀਂ ਕੰਟਰੋਲ ਰੇਖਾ (ਐੱਲ. ਓ. ਸੀ.) ਪਾਰ ਕਰਨ ਤੋਂ ਵੀ ਨਹੀਂ ਝਿਜਕਾਂਗੇ। ਫੌਜੀ ਮੁਖੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਕਸ਼ਮੀਰ 'ਚ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਫੈਲਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਰੈੱਡ ਲਾਈਨ ਬਹੁਤ ਸਪੱਸ਼ਟ ਤਰੀਕੇ ਨਾਲ ਖਿੱਚੀ ਹੋਈ ਹੈ, ਜੋ ਕਿ ਅੱਗੇ ਦੀ ਕਾਰਵਾਈ ਨੂੰ ਤੈਅ ਕਰੇਗੀ।
ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਫੌਜ ਮੁਖੀ ਨੇ ਕਿਹਾ ਕਿ ਭਾਰਤ ਦਾ ਰਵੱਈਆ ਬਿਲਕੁੱਲ ਸਪੱਸ਼ਟ ਹੈ ਕਿ ਉਹ ਪਾਕਿਸਤਾਨ ਨੂੰ ਜੰਮੂ-ਕਸ਼ਮੀਰ 'ਚ ਮਾਹੌਲ ਨੂੰ ਖਰਾਬ ਨਹੀਂ ਹੋਣ ਦੇਵੇਗਾ। ਜੇਕਰ ਸਾਨੂੰ ਸਰਹੱਦ ਪਾਰ ਕਰਨ ਦੀ ਜ਼ਰੂਰਤ ਪਈ ਤਾਂ ਅਸੀਂ ਕਰਾਂਗੇ ਫਿਰ ਚਾਹੇ ਉਹ ਹਵਾ ਤੋਂ ਹੋਵੇ ਜਾਂ ਜ਼ਮੀਨ ਦੇ ਰਸਤਿਓਂ। ਰਾਵਤ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਬਾਰੇ ਕਿਹਾ ਕਿ ਇਸ ਧਾਰਾ ਦੇ ਹਟਣ ਮਗਰੋਂ ਪਾਕਿਸਤਾਨ ਕਸ਼ਮੀਰ ਵਿਚ ਜੇਹਾਦ ਲਈ ਤਿਆਰ ਹੈ। ਪਾਕਿਸਤਾਨ ਵਿਚ ਅੱਤਵਾਦੀ ਕੈਂਪ ਚੱਲ ਰਹੇ ਹਨ। ਇੱਥੋਂ ਤਕ ਕਿ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਸ਼ਿਫਟ ਵੀ ਕੀਤਾ ਜਾਂਦਾ ਹੈ ਪਰ ਅਸੀਂ ਯਕੀਨੀ ਕਰ ਰਹੇ ਹਾਂ ਕਿ ਕੋਈ ਵੀ ਅੱਤਵਾਦੀ ਸਾਡੀ ਸਰਹੱਦ 'ਚ ਦਾਖਲ ਨਾ ਹੋ ਸਕੇ ਅਤੇ ਅਸੀਂ ਸ਼ੱਕੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਾਂ। ਸਾਡਾ ਮਕਸਦ ਘੁਸਪੈਠ ਨੂੰ ਰੋਕ ਕੇ ਕਸ਼ਮੀਰ ਦੀ ਸ਼ਾਂਤੀ ਯਕੀਨੀ ਕਰਨਾ ਹੈ।