ਕਸ਼ਮੀਰ ਤੋਂ ਆਏ ਸੇਬਾਂ ''ਤੇ ਲਿਖੇ ਮਿਲੇ ਇਹ ਸੰਦੇਸ਼, ਲੋਕਾਂ ''ਚ ਦਹਿਸ਼ਤ

10/16/2019 6:15:30 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਵਿਚ ਫਲ ਵਿਕ੍ਰੇਤਾਵਾਂ ਵਲੋਂ ਖਰੀਦੇ ਗਏ ਕਸ਼ਮੀਰੀ ਸੇਬਾਂ ਨੇ ਦਹਿਸ਼ਤ ਫੈਲਾ ਰੱਖੀ ਹੈ। ਇਨ੍ਹਾਂ ਕਸ਼ਮੀਰੀ ਸੇਬਾਂ 'ਤੇ 'ਸਾਨੂੰ ਆਜ਼ਾਦੀ ਚਾਹੀਦੀ ਹੈ', 'ਮੈਨੂੰ ਬੁਰਹਾਨ ਵਾਨੀ ਪਸੰਦ ਹੈ' ਅਤੇ ਜ਼ਾਕਿਰ ਮੂਸਾ ਵਾਪਸ ਆਓ' ਵਰਗੇ ਸੰਦੇਸ਼ ਲਿਖੇ ਮਿਲੇ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਲ ਵਿਕ੍ਰੇਤਾਵਾਂ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਕਾਰਵਾਈ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਉਹ ਕਸ਼ਮੀਰੀ ਸੇਬ ਦੀ ਖਰੀਦ ਦਾ ਬਾਈਕਾਟ ਕਰਨਗੇ, ਕਿਉਂਕਿ ਇਨ੍ਹਾਂ ਸੰਦੇਸ਼ਾਂ ਦੀ ਵਜ੍ਹਾ ਕਰ ਕੇ ਲੋਕ ਇਨ੍ਹਾਂ ਖਰੀਦਣ ਤੋਂ ਇਨਕਾਰ ਕਰ ਰਹੇ ਹਨ। ਫਲ ਵਿਕ੍ਰੇਤਾਵਾਂ ਨੇ ਇੱਥੇ ਥੋਕ ਬਾਜ਼ਾਰ ਤੋਂ ਖਰੀਦੇ ਗਏ ਸੇਬ ਦੇ ਡੱਬੇ ਖੋਲ੍ਹੇ ਤਾਂ ਸੇਬਾਂ 'ਤੇ ਕਾਲੀ ਸਿਆਹੀ ਤੋਂ ਇਹ ਸੰਦੇਸ਼ ਮਿਲੇ। 

ਕਠੂਆ ਥੋਕ ਬਾਜ਼ਾਰ ਦੇ ਪ੍ਰਧਾਨ ਰੋਹਿਤ ਗੁਪਤਾ ਦੀ ਅਗਵਾਈ 'ਚ ਫਲ ਵਿਕ੍ਰੇਤਾਵਾਂ ਨੇ ਇੱਥੇ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ ਤੇ ਅੱਤਵਾਦ ਵਿਰੋਧੀ ਨਾਅਰੇ ਲਾਏ। ਗੁਪਤਾ ਨੇ ਕਿਹਾ ਕਿ ਇਹ ਡੱਬੇ ਕਸ਼ਮੀਰ ਤੋਂ ਆਏ ਸਨ ਅਤੇ ਸੰਦੇਸ਼ ਅੰਗਰੇਜ਼ੀ ਤੇ ਉਰਦੂ 'ਚ ਲਿਖੇ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਪੁਲਸ ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕਰੇ, ਜਿਨ੍ਹਾਂ ਦਾ ਹੱਥ ਇਸ ਦੇ ਪਿੱਛੇ ਹੈ। ਓਧਰ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਲ ਵਿਕ੍ਰੇਤਾਵਾਂ ਨਾਲ ਮੁਲਾਕਾਤ ਕੀਤੀ। ਪੁਲਸ ਸੁਪਰਡੈਂਟ ਮਾਜਿਦ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸੇਬਾਂ 'ਤੇ 'ਭਾਰਤ ਵਾਪਸ ਜਾਓ', 'ਮੇਰੀ ਜਾਨ ਇਮਰਾਨ ਖਾਨ' ਅਤੇ 'ਪਾਕਿਸਤਾਨ-ਪਾਕਿਸਤਾਨ' ਵਰਗੇ ਸੰਦੇਸ਼ ਵੀ ਲਿਖੇ ਹਨ।


Tanu

Content Editor

Related News