ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ 'ਯਮਰਾਜ' ਨੂੰ ਹੋਣ ਲੱਗੀ ਅਪੀਲ
Saturday, Mar 07, 2020 - 12:01 PM (IST)
ਆਗਰਾ— ਚੀਨ 'ਚ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਦਾ ਖੌਫ ਦੁਨੀਆ ਭਰ 'ਚ ਹੈ। ਕਰੀਬ 77 ਦੇਸ਼ਾਂ 'ਚ ਵਾਇਰਸ ਦਸਤਕ ਦੇ ਚੁੱਕਾ ਹੈ। ਇਸ ਵਾਇਰਸ ਨੇ ਭਾਰਤ 'ਚ ਵੀ ਆਪਣੇ ਪੈਰ ਪਸਾਰ ਲਏ ਹਨ। ਹੁਣ ਤਕ ਭਾਰਤ 'ਚ 33 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤ 'ਚ ਜ਼ਿਆਦਾਤਰ ਲੋਕ ਕਿਸੇ ਵੀ ਮਹਾਮਾਰੀ ਤੋਂ ਬਚਣ ਲਈ ਭਗਵਾਨ ਦਾ ਸਹਾਰਾ ਲੈਂਦੇ ਹਨ। ਭਾਰਤੀਆਂ 'ਚ ਵਿਸ਼ਵਾਸ ਇਸ ਕਦਰ ਹੈ ਕਿ ਭਗਵਾਨ ਨੂੰ ਖੁਸ਼ ਕਰਨ ਨਾਲ ਵੱਡੀ ਤੋਂ ਵੱਡੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਭਾਰਤੀ ਲੋਕ ਜ਼ਿਆਦਾਤਰ ਹਵਨ ਅਤੇ ਪੂਜਾ 'ਚ ਵਿਸ਼ਵਾਸ ਰੱਖਦੇ ਹਨ।
ਮੌਤ ਦੇ ਦੇਵਤਾ 'ਯਮਰਾਜ' ਦੀ ਭੈਣ ਯਮੁਨਾ ਨੂੰ ਵਿਸ਼ੇਸ਼ ਪੂਜਾ ਜ਼ਰੀਏ ਖੁਸ਼ ਕੀਤਾ ਜਾ ਰਿਹਾ ਹੈ। ਅਜਿਹਾ ਕਹਿਣਾ ਹੈ ਆਗਰਾ 'ਚ ਪ੍ਰਸਿੱਧ ਜੋਤਿਸ਼ੀ ਅਤੇ ਵਾਤਾਵਰਣ ਪ੍ਰੇਮੀ ਦਾ। ਉਨ੍ਹਾਂ ਮੁਤਾਬਕ ਕੋਰੋਨਾ ਵਾਇਰਸ ਦੇ ਖੌਫ ਅਤੇ ਪ੍ਰਸਾਰ ਨੂੰ ਖਤਮ ਕਰਨ ਲਈ ਭਗਵਾਨ ਨੂੰ ਵੀ ਜੋੜਿਆ ਜਾ ਸਕਦਾ ਹੈ। ਯਾਨੀ ਕਿ ਭਗਵਾਨ ਨੂੰ ਬੇਨਤੀ ਕੀਤੀ ਜਾ ਸਕਦੀ ਹੈ। ਇਸ ਨਾਲ ਕੋਰੋਨਾ ਵਾਇਰਸ ਤੋਂ ਮਾੜੇ ਪ੍ਰਭਾਵਾਂ ਅਤੇ ਬੀਮਾਰ ਹੋਣ ਵਾਲੇ ਲੋਕਾਂ 'ਤੇ ਵਾਇਰਸ ਦਾ ਅਸਰ ਬੇਅਸਰ ਹੋਵੇਗਾ। ਇੱਥੇ ਦੱਸ ਦੇਈਏ ਕਿ ਹਿੰਦੂ ਪੌਰਾਣਿਕ ਗ੍ਰੰਥਾਂ ਮੁਤਾਬਕ ਯਮੁਨਾ ਨਦੀ, ਯਮਰਾਜ ਦੀ ਭੈਣ ਹੈ। ਜਿਸ ਦਾ ਨਾਮ ਯਮੀ ਹੈ।
ਕੋਰੋਨਾ ਦੇ ਪ੍ਰਸਾਰ ਨੂੰ ਖਤਮ ਲਈ ਵਾਤਾਵਰਣ ਪ੍ਰੇਮੀ ਅਤੇ ਸਮਾਜਿਕ ਵਰਕਰਾਂ ਨੇ ਸ਼ੁੱਕਰਵਾਰ ਨੂੰ ਯਮੁਨਾ ਘਾਟ 'ਤੇ ਹਵਨ ਦਾ ਆਯੋਜਨ ਕੀਤਾ। ਜੋਤਿਸ਼ੀ ਪ੍ਰਮੋਦ ਗੌਤਮ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਦੇ ਪ੍ਰਸਾਰ ਨੂੰ ਖਤਮ ਕਰਨ ਲਈ ਹਵਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ 'ਗੁਰੂ' ਅਤੇ 'ਰਾਹੂ' 'ਤੇ ਦਬਦਬਾ ਵਧਿਆ ਹੈ, ਜਿਸ ਕਾਰਨ ਮੁਸੀਬਤ ਵਧੀ ਹੈ। ਜਿਸ ਦੇ ਨਤੀਜੇ ਵਜੋਂ ਨਾਕਾਰਤਮਕ ਊਰਜਾ ਪੈਦਾ ਹੋ ਰਹੀ ਹੈ। ਓਧਰ ਰਿਵਰ ਕਨੈਕਟ ਕੈਂਪੇਨ ਦੇ ਦੇਵਾਸ਼ੀਸ਼ ਭੱਟਚਾਰੀਆ ਨੇ ਕਿਹਾ ਕਿ ਮੰਤਰਾਂ ਦੇ ਉੱਚਾਰਣ ਜ਼ਰੀਏ ਕੋਰੋਨਾ ਨੂੰ ਖਤਮ ਕੀਤਾ ਜਾ ਸਕੇਗਾ ਅਤੇ ਸਾਰਿਆਂ ਦੀ ਸਿਹਤ ਤੰਦਰੁਸਤੀ ਲਈ ਸਕਾਰਾਤਮਕ ਊਰਜਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।