ਸੂਬਿਆਂ ਨੂੰ ਕੋਰੋਨਾ ਰੋਕੂ ਟੀਕਿਆਂ ਦੀਆਂ 17.56 ਕਰੋੜ ਖੁਰਾਕਾਂ ਕਰਵਾਈਆਂ ਗਈਆਂ ਹਨ ਉਪਲੱਬਧ : ਅਨੁਰਾਗ ਠਾਕੁਰ
Monday, May 10, 2021 - 10:39 AM (IST)
ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼- ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਦੱਸਿਆ ਕਿ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਕੋਰੋਨਾ ਰੋਕੂ ਟੀਕਿਆਂ ਦੀਆਂ ਹੁਣ ਤੱਕ 17.56 ਕਰੋੜ ਖੁਰਾਕਾਂ ਦਿੱਤੀਆਂ ਹਨ ਅਤੇ ਅਗਲੇ ਤਿੰਨ ਦਿਨਾਂ 'ਤੇ ਉਨ੍ਹਾਂ ਨੂੰ 46 ਲੱਖ ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ। ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਰ ਕੇ ਉਨ੍ਹਾਂ ਤੋਂ ਮੌਜੂਦਾ ਟੀਕਿਆਂ ਦੀ ਵੱਖ-ਵੱਖ ਦਰ ਪ੍ਰਣਾਲੀ ਦੀ ਬਜਾਏ ਸਾਰੇ ਨਾਗਰਿਕਾਂ ਦੇ ਮੁਫ਼ਤ ਟੀਕਾਕਰਨ ਲਈ ਕੇਂਦਰੀ ਬਜਟ 'ਚੋਂ 35 ਹਜ਼ਾਰ ਕਰੋੜ ਰੁਪਏ ਅਲਾਟ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਠਾਕੁਰ ਦੀ ਇਹ ਟਿੱਪਣੀ ਆਈ ਹੈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੇਂਦਰ ਨੂੰ ਕੋਵੀਸ਼ੀਲਡ ਟੀਕੇ ਦੀ ਇਕ ਖੁਰਾਕ 150 ਰੁਪਏ ਅਤੇ ਸੂਬਿਆਂ ਨੂੰ 300 ਰੁਪਏ 'ਚ ਦੇ ਰਿਹਾ ਹੈ। ਨਿੱਜੀ ਹਸਪਤਾਲਾਂ ਨੂੰ ਇਹ ਸੂਬਿਆਂ ਦੀ ਦਰ ਤੋਂ ਦੁੱਗਣੀ ਕੀਮਤ 600 ਰੁਪਏ 'ਚ ਮਿਲ ਰਹੀ ਹੈ। ਉੱਥੇ ਹੀ ਕੋਵੈਕਸੀਨ ਦੀ ਨਿਰਮਾਤਾ ਭਾਰਤ ਬਾਇਓਟੇਕ ਨੇ ਟੀਕਿਆਂ ਦੀ ਖੁਰਾਕ ਦੀ ਕੀਮਤ ਕੇਂਦਰ ਲਈ 150 ਰੁਪਏ, ਸੂਬਾ ਸਰਕਾਰਾਂ ਲਈ 600 ਰੁਪਏ ਅਤੇ ਨਿੱਜੀ ਹਸਪਤਾਲਾਂ ਲਈ 1200 ਰੁਪਏ ਤੈਅ ਕੀਤੀ ਹੈ। ਕੋਵਿਡ-19 ਰੋਕੂ ਦੋਵੇਂ ਟੀਕਿਆਂ ਦੀ ਹਰ ਵਿਅਕਤੀ ਨੂੰ 2 ਖੁਰਾਕਾਂ ਦਿੱਤੀਆਂ ਜਾ ਰਹੀਆਂ ਸਨ।
ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਮੁਫ਼ਤ ਟੀਕਾਕਰਨ ਦੀ ਅਪੀਲ ਕਰਦੇ ਹੋਏ ਆਪਣੀ ਚਿੱਠੀ 'ਚ ਕਿਹਾ ਕਿ ਸੰਸਦ ਨੇ ਸਾਰਿਆਂ ਨੂੰ ਮੁਫ਼ਤ ਟੀਕਾਕਰਨ ਯਕੀਨੀ ਕਰਨ ਲਈ 35000 ਕਰੋੜ ਰੁਪਏ ਅਲਾਟ ਕੀਤੇ ਸਨ। ਉਨ੍ਹਾਂ ਨੇ ਚਿੱਠੀ 'ਚ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਇਕ ਪੂਰਾ ਖਾਕਾ ਤਿਆਰ ਕਰਨ ਨੂੰ ਲੈ ਕੇ ਤੁਰੰਤ ਸਾਰੇ ਦਲਾਂ ਦੀ ਬੈਠਕ ਬੁਲਾਈ ਜਾਵੇ। ਠਾਕੁਰ ਨੇ ਸੂਬਿਆਂ 'ਚ ਟੀਕਿਆਂ ਦੀ ਘਾਟ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹੁਣ ਵੀ 72 ਲੱਖ ਟੀਕੇ ਉਪਲੱਬਧ ਹਨ। ਟੀਕਿਆਂ ਦੀ ਸਪਲਾਈ ਬਾਰੇ ਉਨ੍ਹਾਂ ਕਿਹਾ,''ਸਪੂਤਨਿਕ ਵੀ ਟੀਕਿਆਂ ਦੀਆਂ 1.5 ਲੱਖ ਖੁਰਾਕਾਂ ਪਹਿਲਾਂ ਹੀ ਭਾਰਤ ਪਹੁੰਚ ਚੁਕੀਆਂ ਹਨ ਅਤੇ ਇਸ ਦੀ ਵੱਧ ਮਾਤਰਾ 'ਚ ਨਿਰਮਾਣ ਲਈ ਆਰ.ਡੀ.ਆਈ.ਐੱਫ. ਨੇ ਸਥਾਨਕ ਭਾਰਤੀ ਕੰਪਨੀਆਂ ਨਾਲ ਹੱਥ ਮਿਲਾਇਆ ਹੈ।'' ਮੰਤਰੀ ਨੇ ਕਈ ਟਵੀਟ ਕਰ ਕੇ ਦਵਾਈਆਂ ਅਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ, ਵੱਧ ਤੋਂ ਵੱਧ ਬਿਸਤਰ ਉਪਲੱਬਧ ਕਰਵਾਉਣ ਅਤੇ ਮਹਾਮਾਰੀ ਨਾਲ ਨਜਿੱਠਣ ਲਈ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਨੂੰ ਵੱਖ-ਵੱਖ ਸੂਬਿਆਂ 'ਚ ਅਲਾਟ ਕਰਨ ਲਈ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਰੇਖਾਂਕਿਤ ਕੀਤਾ।
ਇਹ ਵੀ ਪੜ੍ਹੋ : ਰਾਹੁਲ ਨੇ ਕੋਵਿਡ ਮਹਾਮਾਰੀ ਨੂੰ 'ਮੋਵਿਡ' ਮਹਾਮਾਰੀ ਕਹਿ ਕੇ ਉਡਾਇਆ PM ਮੋਦੀ ਦਾ ਮਜ਼ਾਕ