ਅੰਨਾ ਹਜ਼ਾਰੇ ਖਾਂਸੀ ਅਤੇ ਕਮਜ਼ੋਰੀ ਦੀ ਸ਼ਿਕਾਇਤ ਕਾਰਨ ਹਸਪਤਾਲ ''ਚ ਦਾਖਲ

Tuesday, Sep 03, 2019 - 05:07 PM (IST)

ਅੰਨਾ ਹਜ਼ਾਰੇ ਖਾਂਸੀ ਅਤੇ ਕਮਜ਼ੋਰੀ ਦੀ ਸ਼ਿਕਾਇਤ ਕਾਰਨ ਹਸਪਤਾਲ ''ਚ ਦਾਖਲ

ਪੁਣੇ— ਸਮਾਜਸੇਵੀ ਅੰਨਾ ਹਜ਼ਾਰੇ ਨੂੰ ਸਰਦੀ, ਖਾਂਸੀ ਅਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅੰਨਾ ਦੇ ਇਕ ਕਰੀਬੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਅਨੁਸਾਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਉਨ੍ਹਾਂ ਨੇ 82 ਸਾਲਾ ਸਮਾਜਸੇਵੀ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਅੰਨਾ ਨੇ ਸਰਦੀ ਅਤੇ ਖਾਂਸੀ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਲਈ ਮੰਗਲਵਾਰ ਸਵੇਰੇ ਅਹਿਮਦਨਗਰ ਜ਼ਿਲੇ 'ਚ ਉਨ੍ਹਾਂ ਦੇ ਜੱਦੀ ਪਿੰਡ ਰਾਲੇਗਣ ਸਿਧੀ ਤੋਂ ਪੁਣੇ ਦੇ ਸ਼ਿਰੂਰ ਤਾਲੁਕਾ 'ਚ ਵੇਦਾਂਤਾ ਹਸਪਤਾਲ ਲਿਆਂਦਾ ਗਿਆ।

ਅੰਨਾ ਦੇ ਕਰੀਬੀ ਨੇ ਦੱਸਿਆ ਕਿ ਡਾਕਟਰਾਂ ਦੀ ਇਕ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ,''ਸਰਦੀ ਕਾਰਨ ਉਨ੍ਹਾਂ ਨੂੰ ਛਾਤੀ 'ਚ ਇਨਫੈਕਸ਼ਨ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਖਾਂਸੀ ਅਤੇ ਕਮਜ਼ੋਰੀ ਹੋਈ। ਹਾਲਾਂਕਿ ਡਾਕਟਰਾਂ ਨੇ ਕਿਹਾ ਕਿ ਹਜ਼ਾਰੇ ਸਥਿਰ ਹਨ ਅਤੇ ਚਿੰਤਾ ਦੀ ਕੋਈ ਗੱਲ ਨਹੀਂ।'' ਲੋਕ ਸਭਾ ਨੇ ਜੁਲਾਈ 'ਚ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਕਾਨੂੰਨ 'ਚ ਸੋਧ ਨੂੰ ਪਾਸ ਕੀਤਾ ਸੀ, ਜਿਸ ਤੋਂ ਬਾਅਦ ਹਜ਼ਾਰੇ ਨੇ ਕੇਂਦਰ ਸਰਕਾਰ 'ਤੇ ਇਸ ਕਦਮ ਰਾਹੀਂ ਭਾਰਤੀਆਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਪਰ ਜੇਕਰ ਦੇਸ਼ ਦੇ ਲੋਕ ਆਰ.ਟੀ.ਆਈ. ਐਕਟ ਦੀ ਆਤਮਾ ਦੀ ਰੱਖਿਆ ਲਈ ਸੜਕਾਂ 'ਤੇ ਉਤਰੇ ਤਾਂ ਉਹ ਵੀ ਉਨ੍ਹਾਂ ਨਾਲ ਆਉਣਗੇ।


author

DIsha

Content Editor

Related News