ਹਰਿਆਣਾ ਦੀ ਧੀ ਅਨੀਤਾ ਕੁੰਡੂ ਨੇ ਵਧਾਇਆ ਮਾਣ, ਰਾਸ਼ਟਰਪਤੀ ਦੇਣਗੇ ਇਹ ਐਵਾਰਡ
Sunday, Aug 23, 2020 - 03:33 PM (IST)
ਹਿਸਾਰ— ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਭਾਰਤੀ ਪਰਬਤਾਰੋਹੀ ਅਨੀਤਾ ਕੁੰਡੂ ਨੂੰ 29 ਅਗਸਤ 2020 ਨੂੰ 'ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ' ਨਾਲ ਸਨਮਾਨਤ ਕੀਤਾ ਜਾਵੇਗਾ। ਉਹ ਭਾਰਤ ਅਤੇ ਚੀਨ ਦੋਹਾਂ ਪਾਸਿਆਂ ਤੋਂ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਹੈ। ਉਹ ਹੁਣ ਤੱਕ ਤਿਨ ਵਾਰ ਮਾਊਂਟ ਐਵਰੈਸਟ ਫ਼ਤਿਹ ਕਰ ਚੁੱਕੀ ਹੈ। ਇਕ ਅੰਗਰੇਜ਼ੀ ਅਖ਼ਬਾਰ ਨਾਲ ਫੋਨ 'ਤੇ ਗੱਲਬਾਤ ਅਨੀਤਾ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਇਹ ਐਵਾਰਡ ਦਿੱਤਾ ਜਾਵੇਗਾ। ਮੇਰੀ ਸਫਲਤਾ ਦਾ ਸਿਹਰਾ ਮੇਰੀ ਮਾਂ ਅਤੇ ਮੇਰੇ ਚਾਚਾ ਜੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੇਰੇ ਪਿਤਾ ਜੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਮੇਰੀ ਦੇਖਭਾਲ ਕੀਤੀ। ਜਦੋਂ ਮੈਂ 13 ਸਾਲ ਦੀ ਸੀ। ਮੈਂ ਭਾਜਪਾ ਦੇ ਰਾਜ ਸਭਾ ਮੈਂਬਰ ਆਰ. ਕੇ. ਸਿਨਹਾ ਦੀ ਐੱਸ. ਆਈ. ਐੱਸ. ਕੰਪਨੀ ਨੂੰ ਮੇਰੇ ਟੀਚਿਆਂ ਦੀ ਪ੍ਰਾਪਤੀ ਲਈ ਆਰਥਿਕ ਮਦਦ ਕਰਨ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ।
ਪਰਬਤਾਰੋਹੀ 'ਚ ਅਨੀਤਾ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਚੋਣ ਕਮੇਟੀ ਨੇ ਉਸ ਦੇ ਨਾਮ ਦੀ ਚੋਣ ਕੀਤੀ, ਜਿਸ 'ਤੇ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਮੋਹਰ ਲਾ ਦਿੱਤੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਟਵੀਟ ਕਰ ਕੇ ਹਿਸਾਰ ਦੀ ਧੀ ਨੂੰ ਵਧਾਈ ਦੇ ਕੇ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ਰਾਸ਼ਟਰਪਤੀ ਦੇ ਹੱਥੋਂ ਇਹ ਸਨਮਾਨ ਦਿੱਤਾ ਜਾਵੇਗਾ। 29 ਅਗਸਤ 2020 ਨੂੰ ਰਾਸ਼ਟਰੀ ਖੇਡ ਪੁਰਸਕਾਰ ਵੰਡ ਸਮਾਰੋਹ ਮੌਕੇ ਇਹ ਐਵਾਰਡ ਦਿੱਤਾ ਜਾਵੇਗਾ। ਇਹ ਪਰਬਤਾਰੋਹੀ ਦੇ ਸਾਹਸਿਕ ਖੇਡ ਵਿਚ ਭਾਰਤ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਐਵਾਰਡ ਹੈ।