ਭਤੀਜੇ ਦੇ ਰੋਣ ਤੋਂ ਖ਼ਫ਼ਾ ਦਿਓਰ ਦਾ ਕਾਰਾ, ਬੇਰਹਿਮੀ ਨਾਲ ਕੀਤਾ ਭਾਬੀ ਦਾ ਕਤਲ
Tuesday, Apr 19, 2022 - 04:40 PM (IST)
ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਗਾਂਧੀ ਨਗਰ ਥਾਣਾ ਖੇਤਰ ‘ਚ ਸੋਮਵਾਰ ਸ਼ਾਮ ਨੂੰ 22 ਸਾਲਾ ਨੌਜਵਾਨ ਨੇ ਕਥਿਤ ਤੌਰ ‘ਤੇ ਆਪਣੀ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਕਤਲ ਦਾ ਕਾਰਨ 2 ਸਾਲਾ ਭਤੀਜੇ ਦੇ ਰੋਣ ਕਾਰਨ ਮੈਡੀਕਲ ਕੋਰਸ ਦੀ ਦਾਖਲਾ ਪ੍ਰੀਖਿਆ (NEET) ਦੀ ਤਿਆਰੀ ਕਰ ਰਹੇ ਦਿਓਰ ਨੂੰ ਪੜ੍ਹਾਈ 'ਚ ਪਰੇਸ਼ਾਨੀ ਹੁੰਦੀ ਹੈ ਅਤੇ ਇਸ ਕਾਰਨ ਭਾਬੀ ਅਤੇ ਦਿਓਰ ਵਿਚਾਲੇ ਹਮੇਸ਼ਾ ਵਿਵਾਦ ਹੁੰਦਾ ਸੀ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗਾਂਧੀ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਅਰੁਣ ਕੁਮਾਰ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ 5 ਵਜੇ ਗਾਂਧੀ ਨਗਰ ਥਾਣਾ ਖੇਤਰ ਦੇ ਸ਼ਾਂਤੀ ਨਗਰ 'ਚ ਵਾਪਰੀ। ਸੋਮਵਾਰ ਨੂੰ ਮ੍ਰਿਤਕਾ ਕਵਿਤਾ ਅਹਿਰਵਰ ਅਤੇ ਉਸ ਦੀ ਸੱਸ ਘਰ ਦੇ ਕੰਮ 'ਚ ਰੁੱਝੀਆਂ ਹੋਈਆਂ ਸਨ ਅਤੇ ਕਵਿਤਾ ਦਾ ਪਤੀ ਕੰਮ 'ਤੇ ਘਰੋਂ ਬਾਹਰ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਕਵਿਤਾ ਦਾ 2 ਸਾਲ ਦਾ ਬੱਚਾ ਰੋ ਰਿਹਾ ਸੀ। ਇਸ ਸਬੰਧੀ ਦੋਸ਼ੀ ਮਨੋਜ ਨੇ ਭਾਬੀ ਨੂੰ ਉਸ ਨੂੰ ਚੁੱਪ ਕਰਾਉਣ ਲਈ ਕਿਹਾ, ਕਿਉਂਕਿ ਉਸ ਨੂੰ ਪੜ੍ਹਾਈ 'ਚ ਮੁਸ਼ਕਲ ਆ ਰਹੀ ਸੀ। ਇੰਸਪੈਕਟਰ ਨੇ ਦੱਸਿਆ ਕਿ ਇਸ 'ਤੇ ਕਵਿਤਾ ਨੇ ਕਿਹਾ ਕਿ ਚੁੱਪ ਹੋ ਰਿਹਾ ਹੈ, ਥੋੜ੍ਹਾ ਸਬਰ ਕਰੋ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ! ਅੱਜ ਵੀ ਪੂਰੀ ਲਗਨ ਨਾਲ ਪੜ੍ਹਾ ਰਹੀ 93 ਸਾਲ ਦੀ ਇਹ ਪ੍ਰੋਫੈਸਰ
ਇੰਸਪੈਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਇਹ ਸੁਣ ਕੇ ਮਨੋਜ ਗੁੱਸੇ 'ਚ ਆ ਗਿਆ ਅਤੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਕਵਿਤਾ ਦੇ ਗਲ਼ੇ, ਪੇਟ ਅਤੇ ਹੱਥ 'ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮਨੋਜ ਮੌਕੇ ਤੋਂ ਫਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਦੱਸਿਆ ਕਿ ਮਨੋਜ ਨੇ ਗਾਂਧੀ ਮੈਡੀਕਲ ਕਾਲਜ, ਭੋਪਾਲ ਤੋਂ ਡਾਇਲਸਿਸ ਦਾ ਡਿਪਲੋਮਾ ਕੀਤਾ ਸੀ ਅਤੇ ਫਿਲਹਾਲ ਉਹ ਮੈਡੀਕਲ ਦਾਖਲਾ ਪ੍ਰੀਖਿਆ NEET ਦੀ ਤਿਆਰੀ ਕਰ ਰਿਹਾ ਸੀ। ਮਨੋਜ ਦਾ ਆਪਣੀ ਭਾਬੀ ਨਾਲ ਅਕਸਰ ਝਗੜਾ ਹੁੰਦਾ ਸੀ ਕਿਉਂਕਿ ਬੱਚੇ ਦੇ ਰੋਣ ਨਾਲ ਉਸ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਸੱਸ ਘਰ ਦੇ ਬਾਹਰ ਬਾਥਰੂਮ 'ਚ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ, ਜਾਂਚ ਮਗਰੋਂ ਕੇਸ ਦਰਜ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ