ਆਂਧਰਾ ਪ੍ਰਦੇਸ਼ ''ਚ 2014-19 ਦਰਮਿਆਨ 1,513 ਕਿਸਾਨਾਂ ਨੇ ਕੀਤੀ ਖੁਦਕੁਸ਼ੀ : ਜਗਨ ਮੋਹਨ
Wednesday, Jul 10, 2019 - 05:24 PM (IST)

ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀ.ਐੱਸ. ਜਗਨ ਮੋਹਨ ਰੈੱਡੀ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਜ 'ਚ 2014 ਤੋਂ 2019 ਦਰਮਿਆਨ 1,513 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਜਦੋਂ ਕਿ 391 ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਗਈ। ਮੁੱਖ ਮੰਤਰੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਰਾਜ ਹੈੱਡ ਕੁਆਰਟਰਾਂ ਤੋਂ ਜ਼ਿਲਾ ਕਲੈਕਟਰਾਂ ਅਤੇ ਪੁਲਸ ਸੁਪਰਡੈਂਟਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ,''ਰਾਜ 'ਚ ਜ਼ਿਲਾ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਅਨੁਸਾਰ 2014-19 ਦੌਰਾਨ 1,513 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਪਰ ਸਿਰਫ 391 ਮਾਮਲਿਆਂ 'ਚ ਹੀ ਮੁਆਵਜ਼ਾ ਰਾਸ਼ੀ ਦਿੱਤੀ ਗਈ।''
ਉਨ੍ਹਾਂ ਨੇ ਕਲੈਕਟਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਨ ਅਤੇ ਇਸ ਦੇ ਹੱਕਦਾਰ ਸਾਰੇ ਸੋਗ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਜਗਨ ਨੇ ਕਲੈਕਟਰਾਂ ਨੂੰ ਕਿਹਾ,''ਸਥਾਨਕ ਵਿਧਾਇਕ ਨਾਲ ਉਨ੍ਹਾਂ ਦੇ ਪਰਿਵਾਰਾਂ ਕੋਲ ਜਾਓ ਅਤੇ ਉਨ੍ਹਾਂ 'ਚ ਆਤਮਵਿਸ਼ਵਾਸ ਜਗਾਓ। ਹਰ ਪਰਿਵਾਰ ਨੂੰ ਰਾਜ ਸਰਕਾਰ ਵਲੋਂ 7 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕਰੋ। ਅਸੀਂ ਲੋਕ ਇਹ ਯਕੀਨੀ ਕਰਨ ਲਈ ਇਕ ਕਾਨੂੰਨ ਲੈ ਕੇ ਆਵਾਂਗੇ ਤਾਂ ਕਿ ਮੁਆਵਜ਼ਾ ਰਾਸ਼ੀ ਗਲਤ ਹੱਥਾਂ 'ਚ ਨਾ ਜਾਵੇ।'' ਜਗਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਨਤਾ ਦੀ ਸਰਕਾਰ ਹੈ ਅਤੇ ਉਹ ਮਨੁੱਖੀ ਦ੍ਰਿਸ਼ਟੀਕੋਣ ਰੱਖਦੀ ਹੈ ਅਤੇ ਪ੍ਰਸ਼ਾਸਨ ਦੇ ਵਤੀਰੇ ਤੋਂ ਇਹ ਗੱਲ ਝਲਕਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਹਰ ਪੱਧਰ 'ਤੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।