ਆਂਧਰਾ ਪ੍ਰਦੇਸ਼ ਦੇ CM ਨੇ ਅਮਿਤ ਸ਼ਾਹ ਨਾਲ ਦਿੱਲੀ ''ਚ ਕੀਤੀ ਮੁਲਾਕਾਤ, ਪੈਂਡਿੰਗ ਮੰਗਾਂ ਚੁੱਕੀਆਂ
Thursday, Mar 30, 2023 - 03:39 PM (IST)
ਅਮਰਾਵਤੀ/ਦਿੱਲੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਸੂਬੇ ਦੀ ਵੰਡ ਮਗਰੋਂ ਪੈਂਡਿੰਗ ਕਈ ਮਾਮਲਿਆਂ ਨੂੰ ਸੁਲਝਾਉਣ ਦੀ ਅਪੀਲ ਕੀਤੀ। ਇਹ ਰੈੱਡੀ ਦੀ ਇਸ ਮਹੀਨੇ ਵਿਚ ਦਿੱਲੀ ਦੀ ਦੂਜੀ ਯਾਤਰਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 17 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਸ਼ਾਹ ਨੂੰ ਕਿਹਾ ਕਿ ਪੈਂਡਿੰਗ ਮਾਮਲਿਆਂ ਨੇ ਆਂਧਰਾ ਪ੍ਰਦੇਸ਼ ਨੂੰ ਵਿਕਾਸ ਅਤੇ ਮਾਲੀਆ ਦੇ ਲਿਹਾਜ ਨਾਲ ਪਿੱਛੇ ਧਕੇਲ ਦਿੱਤਾ ਹੈ।
ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਤੋਂ ਪੋਲਾਵਰਮ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਲਈ ਤੁਰੰਤ 10,000 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਹੈ। ਬੁੱਧਵਾਰ ਰਾਤ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਰੈੱਡੀ ਨੇ ਅਚਾਨਕ ਆਏ ਹੜ੍ਹ ਕਾਰਨ ਮੁੱਖ ਬੰਨ੍ਹ ਵਾਲੀ ਥਾਂ 'ਤੇ ਬਣੇ ਟੋਇਆ ਨੂੰ ਭਰਨ ਲਈ 2,020 ਕਰੋੜ ਰੁਪਏ ਦਿੱਤੇ ਜਾਣ ਦੀ ਬੇਨਤੀ ਕੀਤੀ। ਰੈੱਡੀ ਨੇ ਪੋਲਾਵਰਮ ਪ੍ਰਾਜੈਕਟ 'ਤੇ ਕੀਤੇ ਗਏ 2,601 ਕਰੋੜ ਰੁਪਏ ਦੇ ਖਰਚ ਦੀ ਅਦਾਇਗੀ ਅਤੇ ਤਕਨੀਕੀ ਸਲਾਹਕਾਰ ਕਮੇਟੀ ਦੇ 55,548 ਕਰੋੜ ਰੁਪਏ ਦੇ ਸੋਧ ਅਨੁਮਾਨਾਂ ਨੂੰ ਮਨਜ਼ੂਰ ਕੀਤੇ ਜਾਣ ਦੀ ਮੰਗ ਕੀਤੀ, ਜਿਸ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਇਸ ਦਾ ਇਕ ਹਿੱਸਾ ਮੰਨਿਆ ਗਿਆ ਹੈ।