ਅਨੰਤਨਾਗ ’ਚ ਖੋਦਾਈ ਦੌਰਾਨ ਪ੍ਰਾਚੀਨ ਹਿੰਦੂ ਮੂਰਤੀਆਂ ਮਿਲੀਆਂ
Sunday, Aug 03, 2025 - 02:20 AM (IST)

ਅਨੰਤਨਾਗ (ਭਾਸ਼ਾ) – ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ’ਚ ਇਕ ਝਰਨੇ ਦੀ ਮੁਰੰਮਤ ਲਈ ਕੀਤੀ ਗਈ ਖੋਦਾਈ ਦੌਰਾਨ ਸ਼ਿਵਲਿੰਗ ਸਮੇਤ ਪ੍ਰਾਚੀਨ ਹਿੰਦੂ ਮੂਰਤੀਆਂ ਮਿਲੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੂਰਤੀਆਂ ਦੱਖਣੀ ਕਸ਼ਮੀਰ ਜ਼ਿਲੇ ਦੇ ਐਸ਼ਮੁਕਾਮ ਦੇ ਸਲੀਆ ਇਲਾਕੇ ਦੇ ਕਰਕੂਟ ਨਾਗ ’ਚ ਮਿਲੀਆਂ। ਇਨ੍ਹਾਂ ਮੂਰਤੀਆਂ ਵਿਚੋਂ ਕਈਆਂ ’ਤੇ ਦੇਵਤਿਆਂ ਦੀਆਂ ਸ਼ਕਲਾਂ ਉਕਰੀਆਂ ਹੋਈਆਂ ਹਨ।
ਇਸ ਝਰਨੇ ਦੀ ਮੁਰੰਮਤ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਪੁਰਾਤੱਤਵ ਤੇ ਅਜਾਇਬਘਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਥਾਨ ਦਾ ਦੌਰਾ ਕੀਤਾ। ਇਨ੍ਹਾਂ ਮੂਰਤੀਆਂ ਦੇ ਨਿਰਮਾਣ ਕਾਲ ਤੇ ਉਤਪਤੀ ਦਾ ਪਤਾ ਲਾਉਣ ਵਾਸਤੇ ਜਾਂਚ ਲਈ ਇਨ੍ਹਾਂ ਨੂੰ ਸ਼੍ਰੀਨਗਰ ਭੇਜਿਆ ਜਾਵੇਗਾ।