ਕੁਲਗਾਮ ਮੁਕਾਬਲੇ ’ਚ ਨਾਗਰਿਕ ਦੀ ਮੌਤ, ਜਵਾਨ ਜ਼ਖਮੀ

08/06/2022 11:07:06 AM

ਸ਼੍ਰੀਨਗਰ (ਅਰੀਜ)– ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਰੇਡਵਾਨੀ ਇਲਾਕੇ ਵਿਚ ਸ਼ੁੱਕਰਵਾਰ ਨੂੰ ਮੁਕਾਬਲੇ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ ਤੇ ਇਕ ਜਵਾਨ ਜ਼ਖਮੀ ਹੋ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਵਿਚ ਫੌਜ ਦੇ ਜਵਾਨ ਅਤੇ ਆਮ ਨਾਗਰਿਕਾ ਨੂੰ ਗੋਲੀ ਲੱਗੀ। 

ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੋਂ ਨਾਗਰਿਕ ਨੂੰ ਅੱਗੇ ਦੇ ਇਲਾਜ ਲਈ ਜੀ. ਐੱਮ. ਸੀ. ਅਨੰਤਨਾਗ ਲਿਜਾਇਆ ਗਿਆ ਹੈ ਪਰ ਉਅਥੇ ਨਾਗਰਿਕ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਨਾਗਰਿਕ ਦੀ ਪਛਾਣ ਮੰਜੂਰ ਅਹਿਮਦ ਲੋਨ ਦੇ ਰੂਪ ’ਚ ਹੋਈ ਹੈ। ਉਥੇ ਹੀ ਫੌਜ ਦੇ ਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਅੱਤਵਾਦੀਆਂ ਨੇ ਪ੍ਰਵਾਸੀ ਮਜ਼ਦੂਰਾਂ ’ਤੇ ਪੁਲਵਾਮਾ ਦੇ ਗਡੂਰਾ ਵਿਚ ਗ੍ਰੇਨੇਡ ਸੁੱਟਿਆ ਸੀ, ਜਿਸ ਵਿਚ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ ਜਦਕਿ 2 ਜ਼ਖਮੀ ਹੋ ਗਏ ਸਨ।

ਹੁਣ ਹਾਈਬ੍ਰਿਡ ਅੱਤਵਾਦ ਨਹੀਂ ਚੁਣੌਤੀ : ਏ. ਡੀ. ਜੀ. ਪੀ. ਕੁਮਾਰ
ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ (ਏ. ਡੀ. ਜੀ. ਪੀ.) ਵਿਜੇ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਪੁਲਸ ਅਤੇ ਸੁਰੱਖਿਆ ਫੋਰਸਾਂ ਲਈ ਹਾਈਬ੍ਰਿਡ ਅੱਤਵਾਦ ਕੋਈ ਚੁਣੌਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਨਾਲ ਮੁਕਾਬਲੇ ਵਾਲੀਆਂ ਥਾਵਾਂ ’ਤੇ ਲਗਾਤਾਰ ਹੜਤਾਲ, ਸਕੂਲਾਂ ਨੂੰ ਬੰਦ ਕਰਨ ਅਤੇ ਪਥਰਾਅ ਦੀਆਂ ਘਟਨਾਵਾਂ ’ਤੇ ਰੋਕ ਲੱਗੀ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਹਾਈਬ੍ਰਿਡ ਅੱਤਵਾਦੀ ਚੁਣੌਤੀ ਸਨ ਪਰ ਹੁਣ ਨਹੀਂ ਕਿਉਂਕਿ ਅਸੀਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਦੇ ਹਾਂ।

ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਇਥੇ ਸ਼ਾਂਤੀ ਯਕੀਨੀ ਬਣਾਉਣ ਲਈ ਪੁਲਸ ਅਤੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ। ਉਥੇ ਹੀ ਬੀਤੀ ਦੇਰ ਰਾਤ ਪੁਲਵਾਮਾ ਗ੍ਰੇਨੇਡ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਦੇ 2 ਬਾਈਕ ਸਵਾਰ ਅੱਤਵਾਦੀਆਂ ਨੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸ਼ਾਮਲ ਅੱਤਵਾਦੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਜਾਂ ਤਾਂ ਗ੍ਰਿਫਤਾਰ ਕਰ ਲਿਆ ਜਾਵੇਗਾ ਜਾਂ ਮਾਰ ਦਿੱਤਾ ਜਾਵੇਗਾ।


Rakesh

Content Editor

Related News