ਜੰਮੂ ਕਸ਼ਮੀਰ : ਮੁਕਾਬਲੇ ''ਚ ਕੈਪਟਨ ਸ਼ਹੀਦ, 4 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ

Wednesday, Aug 14, 2024 - 03:00 PM (IST)

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕਿਆਂ 'ਚ ਬੁੱਧਵਾਰ ਨੂੰ ਅੱਤਵਾਦੀਆਂ ਦੀ ਭਾਲ ਲਈ ਚਲਾਈ ਗਈ ਮੁਹਿੰਮ 'ਚ ਫ਼ੌਜ ਦਾ ਇਕ ਕੈਪਟਨ ਸ਼ਹੀਦ ਹੋ ਗਿਆ। ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ 'ਚ ਸ਼ਾਇਦ 4 ਅੱਤਵਾਦੀ ਮਾਰੇ ਗਏ ਹਨ। ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਹੋਏ ਇਸ ਮੁਕਾਬਲੇ ਵਿਚ ਇਕ ਨਾਗਰਿਕ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਗੜ੍ਹ-ਅਸਾਰ ਪੱਟੀ 'ਚ ਲੁਕੇ ਹੋਏ ਅੱਤਵਾਦੀਆਂ ਦੀ ਭਾਲ ਲਈ ਸੁਰੱਖਿਆ ਫ਼ੋਰਸਾਂ ਅਤੇ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸੰਯੁਕਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਸੰਘਣੇ ਜੰਗਲੀ ਖੇਤਰ 'ਚ ਦੋਹਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨਾਲ ਮੁਕਾਬਲੇ 'ਚ ਨੌਜਵਾਨ ਕੈਪਟਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਖੂਨ ਨਾਲ ਭਰੇ ਚਾਰ ਬੈਗ ਮਿਲੇ ਹਨ। ਇਸ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਮੁਕਾਬਲੇ 'ਚ ਚਾਰ ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਇਲਾਵਾ ਉੱਥੋਂ ਐੱਮ-4 ਕਾਰਬਾਈਨ ਵੀ ਬਰਾਮਦ ਹੋਈ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਅੱਸਾਰ ਪੱਟੀ 'ਚ ਇਕ ਨਦੀ ਦੇ ਕਿਨਾਰੇ ਲੁਕੇ ਹੋਏ ਹਨ। ਫ਼ੌਜ ਨੇ ਹਾਲਾਂਕਿ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਦੱਸਿਆ ਕਿ ਇਸ ਮੁਕਾਬਲੇ 'ਚ ਇਕ ਅਧਿਕਾਰੀ ਜ਼ਖ਼ਮੀ ਹੋਇਆ ਹੈ। ਫ਼ੌਜ ਦੀ 16ਵੀਂ ਬਟਾਲੀਅਨ ਦੇ 'ਐਕਸ' ਅਕਾਊਂਟ 'ਵ੍ਹਾਈਟ ਨਾਈਟ ਕੋਰ' ਨੇ ਇਕ ਪੋਸਟ 'ਚ ਕਿਹਾ,''ਭਾਰੀ ਗੋਲੀਬਾਰੀ ਵਿਚਾਲੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਤਲਾਸ਼ ਦਲ ਦੀ ਅਗਵਾਈ ਕਰਦੇ ਹੋਏ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ। ਤਲਾਸ਼ ਮੁਹਿੰਮ ਦੌਰਾਨ ਯੁੱਧ 'ਚ ਇਸਤੇਮਾਲ ਹੋਣ ਵਾਲੇ ਸਾਮਾਨ ਬਰਾਮਦ ਕੀਤੇ ਗਏ ਹਨ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News