81 ਸਾਲ ਦੀ ਦਾਦੀ ਨੇ ਨੂੰਹਾਂ ਨੂੰ ਕਿਹਾ- ‘ਤੁਸੀਂ ਘਰ ਸੰਭਾਲੋ, ਮੈਂ ਚੋਣ ਲੜਾਂਗੀ’

Wednesday, Apr 07, 2021 - 06:37 PM (IST)

81 ਸਾਲ ਦੀ ਦਾਦੀ ਨੇ ਨੂੰਹਾਂ ਨੂੰ ਕਿਹਾ- ‘ਤੁਸੀਂ ਘਰ ਸੰਭਾਲੋ, ਮੈਂ ਚੋਣ ਲੜਾਂਗੀ’

ਕਾਨਪੁਰ— ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਤਿੰਨ ਪੱਧਰੀ ਪੰਚਾਇਤੀ ਚੋਣਾਂ ’ਚ ਦਾਅਵੇਦਾਰ ਤਾਂ ਬਹੁਤ ਹਨ ਪਰ ਚੌਬੇਪੁਰ ਦੇ ਰੁਦਰਪੁਰ ਬੈਲ ਖੇਤਰ ਤੋਂ ਬਲਾਕ ਡਿਵੈਲਪਮੈਂਟ ਕੌਂਸਲ (ਬੀ. ਡੀ. ਸੀ.) ਅਹੁਦੇ ’ਤੇ ਮੈਦਾਨ ’ਚ ਉਤਰੀ ਰਾਨੀ ਦੇਵੀ ਦਾ ਜਜ਼ਬਾ ਵੇਖਣ ਵਾਲਾ ਹੈ। ਰਾਨੀ ਦੇਵੀ ਨੇ ਨਾਮਜ਼ਦਗੀ ਪੱਤਰ ਵੀ ਭਰ ਦਿੱਤਾ ਹੈ। ਰਾਨੀ ਦੇਵੀ ਉਮਰ ਦੇ ਉਸ ਪੜਾਅ ਵਿਚ ਚੋਣ ਮੈਦਾਨ ’ਚ ਉਤਰੀ ਹੈ, ਜਦੋਂ ਕਿਸੇ ਬਜ਼ੁਰਗ ਦਾ ਤੁਰਨਾ-ਫਿਰਨਾ ਤੱਕ ਮੁਸ਼ਕਲ ਹੋ ਜਾਂਦਾ ਹੈ। 81 ਸਾਲ ਦੀ ਰਾਨੀ ਦੇਵੀ ਨੇ ਚੋਣ ਲੜਨ ਦੇ ਪਿਛੇ ਦੀ ਜੋ ਵਜ੍ਹਾ ਦੱਸੀ ਹੈ, ਉਹ ਕਾਫੀ ਹੈਰਾਨ ਕਰ ਦੇਣ ਵਾਲੀ ਹੈ। ਰਾਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਅੱਜ ਤੱਕ ਵਿਕਾਸ ਨਹੀਂ ਹੋਇਆ ਹੈ। ਪਿੰਡ ਦੀਆਂ ਨਾਲੀਆਂ, ਗਲੀਆਂ ਟੁੱਟੀਆਂ ਪਈਆਂ ਹਨ।  ਉਨ੍ਹਾਂ ਇਹ ਵੀ ਕਿਹਾ ਕਿ ਮੇਰਾ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ, ਇੱਥੇ ਪੀਣ ਲਈ ਪਾਣੀ ਦਾ ਪ੍ਰਬੰਧ, ਸੜਕਾਂ, ਨਾਲੀਆਂ ਨਹੀਂ ਹਨ। ਚੋਣ ਜਿੱਤ ਕੇ ਉਹ ਪਿੰਡ ਦੇ ਹਾਲਾਤ ਨੂੰ ਠੀਕ ਕਰਨਾ ਚਾਹੁੰਦੀ ਹੈ। ਰਾਨੀ ਦੇਵੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਪਿੰਡ ਲਈ ਬਿਹਤਰ ਸਹੂਲਤਾਂ ਅਤੇ ਵਿਕਾਸ ਨੂੰ ਯਕੀਨੀ ਕਰਨ ਲਈ ਲਿਆ ਹੈ।

PunjabKesari

ਰਾਨੀ ਦੇਵੀ ਪਿੰਡ ’ਚ ਕੜਦੀ ਧੁੱਪ ਵਿਚ ਸਮਥਕਾਂ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਰੁਦਰਪੁਰ ਬੈਲ ਸੀਟ ਜਦੋਂ ਬੀਬੀਆਂ ਲਈ ਰਾਖਵੀਂ ਹੋਈ ਤਾਂ ਪਰਿਵਾਰ ’ਚ ਚਰਚਾ ਹੋਣ ਲੱਗੀ ਕਿ ਘਰ ਦੀ ਕਿਸੀ ਨੂੰਹ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇ। ਰਾਨੀ ਦੇਵੀ ਅੱਗੇ ਆਈ ਅਤੇ ਬੋਲੀ ਕਿ ਤੁਸੀਂ ਘਰ ਸੰਭਾਲੋ, ਉਹ ਖ਼ੁਦ ਚੋਣ ਲੜੇਗੀ। ਰਾਨੀ ਦੇਵੀ ਪੂਰੇ ਜ਼ਿਲ੍ਹੇ ਵਿਚ ਇਕੱਲੀ ਅਜਿਹੀ ਬੀਬੀ ਉਮੀਦਵਾਰ ਹੈ, ਜਿਨ੍ਹਾਂ ਦੀ ਉਮਰ 81 ਸਾਲ ਹੈ। ਰਾਨੀ ਸਰਕਾਰੀ ਵਿਵਸਥਾ ਤੋਂ ਕਾਫੀ ਪਰੇਸ਼ਾਨ ਹੈ। ਰਾਨੀ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਚੋਣਾਂ ਲੜ ਰਹੀ ਹੈ ਅਤੇ ਜੇਕਰ ਮੌਕਾ ਮਿਲਿਆ ਤਾਂ ਉਹ ਉਮਰ ਦੇ ਇਸ ਪੜਾਅ ’ਚ ਲੋਕਾਂ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਦੱਸ ਦੇਈਏ ਕਿ ਜ਼ਿਲ੍ਹੇ ’ਚ ਗ੍ਰਾਮ ਪੰਚਾਇਤਾਂ, ਖੇਤਰੀ ਪੰਚਾਇਤਾਂ ਅਤੇ ਜ਼ਿਲ੍ਹਾ ਪੰਚਾਇਤਾਂ ਲਈ ਪਹਿਲੇ ਪੜਾਅ ਦੀਆਂ ਚੋਣਾਂ 15 ਅਪ੍ਰੈਲ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 2 ਮਈ ਨੂੰ ਕੀਤੀ ਜਾਵੇਗੀ। 


author

Tanu

Content Editor

Related News