ਆਮਰਪਾਲੀ ਨੇ ਮੁਹੰਮਦ ਕੈਫ ਤੋਂ 2 ਕਰੋੜ ਠੱਗੇ

Thursday, Oct 12, 2017 - 02:14 AM (IST)

ਆਮਰਪਾਲੀ ਨੇ ਮੁਹੰਮਦ ਕੈਫ ਤੋਂ 2 ਕਰੋੜ ਠੱਗੇ

ਨੋਇਡਾ— ਕੌਮਾਂਤਰੀ ਕ੍ਰਿਕਟਰ ਮੁਹੰਮਦ ਕੈਫ ਨੇ ਆਮਰਪਾਲੀ ਗਰੁੱਪ ਦੇ ਚੇਅਰਮੈਨ ਅਨਿਲ ਸ਼ਰਮਾ, ਨਿਰਦੇਸ਼ਕ ਸ਼ਿਵ ਪ੍ਰਿਆ ਅਤੇ ਅਜੇ ਕੁਮਾਰ ਵਿਰੁੱਧ ਸੀਨੀਅਰ ਪੁਲਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਤਿੰਨਾਂ ਬਿਲਡਰਾਂ 'ਤੇ ਧੋਖਾਦੇਹੀ, ਜਾਅਲਸਾਜ਼ੀ, ਅਮਾਨਤ 'ਚ ਖਿਆਨਤ, ਅਪਰਾਧਕ ਸਾਜ਼ਿਸ਼ ਰਚਣ ਅਤੇ ਭਰੋਸਾ ਤੋੜਨ ਦੇ ਦੋਸ਼ ਲਾਏ ਹਨ।
ਐੱਸ. ਐੱਸ. ਪੀ. ਨੇ ਜਾਂਚ ਦਾ ਹੁਕਮ ਦਿੱਤਾ ਹੈ। ਮੁਹੰਮਦ ਕੈਫ ਨੇ ਐੱਸ. ਐੱਸ. ਪੀ. ਅਤੇ ਥਾਣਾ ਸੈਕਟਰ 39 ਦੇ ਐੱਸ. ਐੱਚ. ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਦੱਸਿਆ ਹੈ ਕਿ ਉਨ੍ਹਾਂ ਅਨਿਲ ਸ਼ਰਮਾ, ਸ਼ਿਵ ਪ੍ਰਿਯਾ ਅਤੇ ਅਜੇ ਕੁਮਾਰ ਕੋਲ ਐਸ਼ਿਓਰਡ ਰਿਟਰਨ ਸਕੀਮ ਅਧੀਨ ਆਪਣਾ ਅਲਟਰਾ ਹੋਮ ਕੰਸਟ੍ਰਕਸ਼ਨ ਪ੍ਰਾ. ਲਿਮਟਿਡ 'ਚ ਦੋ ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ। 6 ਜੂਨ, 10 ਸਤੰਬਰ 2012 ਅਤੇ 10 ਜਨਵਰੀ 2013 ਨੂੰ 4 ਚੈੱਕਾਂ ਰਾਹੀਂ 50-50 ਲੱਖ ਰੁਪਏ ਦੀਆਂ 4 ਕਿਸ਼ਤਾਂ ਦਾ ਭੁਗਤਾਨ ਕੀਤਾ ਸੀ। ਇਸ ਦੇ ਬਦਲੇ ਤਿੰਨ ਫਲੈਟਾਂ ਦੀ ਵੰਡ ਹੋਈ। ਮੁਹੰਮਦ ਕੈਫ ਦੇ ਵਕੀਲ ਰਾਜਿੰਦਰ ਕੁਮਾਰ ਗੁਪਤਾ ਨੇ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਉਕਤ ਵਿਅਕਤੀਆਂ ਨੇ ਮੁਹੰਮਦ ਕੈਫ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਪ੍ਰਾਜੈਕਟ 'ਚ ਦੇਰੀ ਹੋਈ ਹੈ। ਇਸ ਲਈ ਤੁਸੀਂ ਆਪਣਾ ਪੈਸਾ ਵਾਪਸ ਲੈ ਲਓ। ਆਮਰਪਾਲੀ ਦੇ ਚੇਅਰਮੈਨ ਅਨਿਲ ਸ਼ਰਮਾ ਨੇ 50-50 ਲੱਖ ਰੁਪਏ ਦੇ ਦੋ ਅਤੇ ਇਕ ਕਰੋੜ ਰੁਪਏ ਦਾ ਇਕ ਚੈੱਕ ਦਿੱਤਾ। 50-50 ਲੱਖ ਰੁਪਏ ਦੇ ਦੋਵਾਂ ਚੈੱਕਾਂ 'ਤੇ 18 ਸਤੰਬਰ 2015 ਅਤੇ ਇਕ ਕਰੋੜ ਰੁਪਏ ਵਾਲੇ ਚੈੱਕ 'ਤੇ 9 ਜਨਵਰੀ 2016 ਦੀ ਮਿਤੀ ਲਿਖੀ ਗਈ ਸੀ। ਕੈਫ ਨੇ ਇਹ ਚੈੱਕ ਬੈਂਕ 'ਚ ਜਮ੍ਹਾ ਕਰਵਾਏ ਪਰ ਉਹ ਬਾਊਂਸ ਹੋ ਗਏ।
ਐਡਵੋਕੇਟ ਰਾਜਿੰਦਰ ਕੁਮਾਰ ਗੁਪਤਾ ਨੇ ਦੱਸਿਆ ਕਿ ਸਿਰਫ ਮੁਹੰਮਦ ਕੈਫ ਨਾਲ ਹੀ ਅਜਿਹੀ ਠੱਗੀ ਨਹੀਂ ਹੋਈ ਸਗੋਂ ਹਜ਼ਾਰਾਂ ਹੀ ਹੋਰਨਾਂ ਨਾਲ ਵੀ ਇੰਝ ਠੱਗੀ ਕੀਤੀ ਗਈ ਹੈ। ਇਨ੍ਹਾਂ 'ਚ ਫਿਲਮੀ ਕਲਾਕਾਰ, ਕ੍ਰਿਕਟ ਖਿਡਾਰੀ, ਆਈ. ਏ. ਐੱਸ. ਅਧਿਕਾਰੀ ਅਤੇ ਆਈ. ਪੀ. ਐੱਸ. ਅਫਸਰ ਸ਼ਾਮਲ ਹਨ।


Related News