ਅਮਿਤ ਸ਼ਾਹ ਨੇ ਚਿਰਾਗ ਨੂੰ ਕਰਵਾਇਆ ਚੁੱਪ

Saturday, Sep 14, 2024 - 03:20 PM (IST)

ਨਵੀਂ ਦਿੱਲੀ- ਇਹ ਨਾ ਮੰਣਨਯੋਗ ਪਰ ਸੱਚ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਨੂੰ ਵਰਚੁਅਲੀ ਤਲਬ ਕੀਤਾ। ਸਪੱਸ਼ਟ ਹੈ ਕਿ ਸ਼ਾਹ ਨੇ ਕੋਰ ਗਰੁੱਪ ’ਚ ਅੰਦਰੂਨੀ ਚਰਚਾ ਪਿੱਛੋਂ ਇਹ ਕਦਮ ਚੁੱਕਿਆ। ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ 6, ਕ੍ਰਿਸ਼ਨਾ ਮੇਨਨ ਮਾਰਗ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਚਿਰਾਗ ਦੇ ਕੁਝ ਜਨਤਕ ਬਿਆਨਾਂ ਤੋਂ ਭਾਜਪਾ ਲੀਡਰਸ਼ਿਪ ਨਾਰਾਜ਼ ਸੀ। ਚਿਰਾਗ ਨੇ ਜਨਤਕ ਤੌਰ ’ਤੇ ਵਕਫ਼ ਬਿੱਲ ਦਾ ਵਿਰੋਧ ਕੀਤਾ ਸੀ ਤੇ ਇਸ ਨੂੰ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਸੀ। ਉਨ੍ਹਾਂ ਲੇਟਰਲ ਐਂਟਰੀ ਰੂਟ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ ਸੀ। ਨਾਲ ਹੀ ਜਾਤੀ ਮਰਦਮਸ਼ੁਮਾਰੀ ਦੀ ਹਮਾਇਤ ਕੀਤੀ ਸੀ।

ਉਨ੍ਹਾਂ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਲਈ ਰਾਖਵੇਂਕਰਨ ’ਚ ਉਪ-ਸ਼੍ਰੇਣੀਕਰਣ ਦੀ ਆਗਿਆ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਭਾਰਤ ਬੰਦ ਦੀ ਹਮਾਇਤ ਕੀਤੀ ਸੀ। ਅਜਿਹਾ ਕਰਨ ਵਾਲੀ ਸੱਤਾਧਾਰੀ ਗੱਠਜੋੜ ’ਚ ਇਹ ਇਕੋ-ਇਕ ਪਾਰਟੀ ਹੈ। ਇੰਨਾ ਹੀ ਨਹੀਂ ਕਿਉਂਕਿ ਚਿਰਾਗ ਐੱਨ. ਡੀ. ਏ. ’ਚ ਸੀਟਾਂ ਦੀ ਵੰਡ ਤੋਂ ਖੁਸ਼ ਨਹੀਂ ਸਨ, ਇਸ ਲਈ ਉਨ੍ਹਾਂ ਝਾਰਖੰਡ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜਨ ਦੀ ਇੱਛਾ ਪ੍ਰਗਟਾਈ। 26 ਅਗਸਤ ਨੂੰ ਜਦੋਂ ਅਮਿਤ ਸ਼ਾਹ ਨੇ ਚਿਰਾਗ ਪਾਸਵਾਨ ਦੇ ਚਾਚਾ ਪਸ਼ੂਪਤੀ ਪਾਰਸ ਨਾਲ ਮੁਲਾਕਾਤ ਕੀਤੀ ਸੀ ਤਾਂ ਭਾਜਪਾ ਲੀਡਰਸ਼ਿਪ ਨੇ ਚਿਰਾਗ ਪਾਸਵਾਨ ਨੂੰ ਇਕ ਤਰ੍ਹਾਂ ਨਾਲ ਸੰਦੇਸ਼ ਦਿੱਤਾ ਸੀ।

ਭਾਜਪਾ ਨੇ ਲੋਕ ਸਭਾ ਦੀਆਂ ਚੋਣਾਂ ’ਚ ਪਸ਼ੂਪਤੀ ਪਾਰਸ ਨੂੰ ਪਾਸੇ ਕਰ ਦਿੱਤਾ ਸੀ ਤੇ ਚਿਰਾਗ ਪਾਸਵਾਨ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਸੀ। 30 ਅਗਸਤ ਨੂੰ ਚਿਰਾਗ ਲੋਕ ਸਭਾ ਦੇ ਆਪਣੇ 3 ਹੋਰ ਮੈਂਬਰਾਂ ਨਾਲ ਅਮਿਤ ਸ਼ਾਹ ਦੀ ਰਿਹਾਇਸ਼ ’ਤੇ ਪਹੁੰਚੇ ਸਨ। ਇਸ ਦੌਰਾਨ ਸੰਸਦ ਮੈਂਬਰ ਬਾਹਰ ਬੈਠੇ ਰਹੇ। ਚਿਰਾਗ ਲਈ ਇਹ ਇਕ ਵੱਖਰੀ ਕਿਸਮ ਦਾ ਤਜਰਬਾ ਸੀ। ਗੱਲਬਾਤ ਦਾ ਨਿਚੋੜ ਇਹ ਸੀ ਕਿ ਸ਼ਾਹ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਐੱਨ. ਡੀ. ਏ. ਨੂੰ ਛੱਡ ਕੇ ਜਾਣ ਲਈ ਆਜ਼ਾਦ ਹਨ ਪਰ ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਉਨ੍ਹਾਂ ਦਾ ਕੋਈ ਵੀ ਸੰਸਦ ਮੈਂਬਰ ਉਨ੍ਹਾਂ ਨਾਲ ਨਹੀਂ ਜਾਵੇਗਾ। ਚਿਰਾਗ ਨੇ ਉਸੇ ਦਿਨ ਬਾਅਦ ’ਚ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਜੋ ਕਿਹਾ ਇਹ ਉਸ ਦੇ ਬਿਲਕੁਲ ਉਲਟ ਸੀ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਉਹ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਐੱਨ. ਡੀ. ਏ. ਨਾਲ ਮਿਲ ਕੇ ਲੜਨਗੇ।


Tanu

Content Editor

Related News