ਅਮਿਤ ਸ਼ਾਹ ਨੇ ਜਾਰੀ ਕੀਤਾ ਭਾਜਪਾ ਦਾ ਮੈਨੀਫੈਸਟੋ, ਕਿਹਾ- ਧਾਰਾ 370 ਹੁਣ ਕਦੇ ਨਹੀਂ ਆਵੇਗੀ ਵਾਪਸ

Friday, Sep 06, 2024 - 04:51 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਜੰਮੂ ਪਹੁੰਚੇ ਅਤੇ ਇੱਥੇ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ। ਸ਼ਨੀਵਾਰ ਨੂੰ ਸ਼ਾਹ ਵਰਕਰ ਸੰਮੇਲਨ 'ਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨਗੇ। ਮੈਨੀਫੈਸਟੋ ਜਾਰੀ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਸਮੇਂ ਤੋਂ ਸਾਡੀ ਪਾਰਟੀ ਲਈ ਜੰਮੂ ਕਸ਼ਮੀਰ ਬਹੁਤ ਅਹਿਮ ਰਿਹਾ ਹੈ। ਆਜ਼ਾਦੀ ਦੇ ਸਮੇਂ ਤੋਂ ਹੀ ਅਸੀਂ ਇਸ ਨੂੰ ਭਾਰਤ ਨਾਲ ਜੋੜਣ ਲਈ ਬਹੁਤ ਕੋਸ਼ਿਸ਼ ਕੀਤੀ। 2014 ਤੱਕ ਜੰਮ ਕਸ਼ਮੀਰ 'ਤੇ ਹਮੇਸ਼ਾ ਅੱਤਵਾਦ ਤੇ ਵੱਖਵਾਦ ਦਾ ਪਰਛਾਵਾਂ ਰਿਹਾ। 2014 ਤੋਂ ਲੈ ਕੇ 2024 ਤੱਕ ਜੰਮੂ ਕਸ਼ਮੀਰ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਸਮਾਂ ਸੁਨਹਿਰੇ ਅੱਖਰਾਂ 'ਚ ਦਰਜ ਹੋਵੇਗਾ। ਇਨ੍ਹਾਂ 10 ਸਾਲਾਂ 'ਚ ਸੈਰ-ਸਪਾਟੇ 'ਤੇ ਫੋਕਸ ਰਿਹਾ ਹੈ। 

ਉਨ੍ਹਾਂ ਕਿਹਾ ਕਿ ਧਾਰਾ 370 ਇਤਿਹਾਸ ਬਣ ਚੁੱਕੀ ਹੈ, ਇਹ ਕਦੇ ਵਾਪਸ ਨਹੀਂ ਆ ਸਕਦੀ, ਕਿਉਂਕਿ ਇਹੀ ਉਹ ਵਿਚਾਰਧਾਰਾ ਸੀ ਜੋ ਨੌਜਵਾਨਾਂ ਦੇ ਹੱਥ 'ਚ ਪੱਥਰ ਫੜਾਉਂਦੀ ਸੀ। ਉਨ੍ਹਾਂ ਕਿਹਾ ਕਿ ਇਕ ਤੋਂ ਬਾਅਦ ਇਕ ਸਰਕਾਰਾਂ ਵੱਖਵਾਦੀਆਂ ਅੱਗੇ ਝੁਕਦੀਂ ਰਹੀਆਂ। ਧਾਰਾ 370 ਅਤੇ 35ਏ ਹੁਣ ਇਤਿਹਾਸ ਬਣ ਚੁੱਕੇ ਹਨ। ਜੰਮੂ ਕਸ਼ਮੀਰ ਹੁਣ ਵਿਕਾਸ ਅਤੇ ਤਰੱਕੀ ਦੇ ਰਸਤੇ 'ਤੇ ਹੈ। ਸ਼ਾਹ ਨੇ ਕਿਹਾ ਕਿ 59 ਨਵੇਂ ਕਾਲਜ ਖੋਲ੍ਹੇ ਗਏ ਹਨ, ਜਿਨ੍ਹਾਂ 'ਚੋਂ 30 ਕਸ਼ਮੀਰ 'ਚ ਅਤੇ 29 ਜੰਮੂ 'ਚ ਹਨ। ਜੰਮੂ ਕਸ਼ਮੀਰ 'ਚ 2 ਏਮਜ਼, ਆਈ.ਆਈ.ਟੀ., ਆਈ.ਆਈ.ਐੱਮ., ਨਿਫਟ, ਯੂਨਾਨੀ ਹਸਪਤਾਲ ਖੋਲ੍ਹੇ ਗਏ ਹਨ। ਪਿਛਲੇ 70 ਸਾਲਾਂ 'ਚ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਦੇਸ਼ ਦੇ ਬਾਕੀ ਹਿੱਸਿਆਂ 'ਚ ਜਾਣਾ ਪੈਂਦਾ ਸੀ ਪਰ ਹੁਣ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜੰਮੂ ਕਸ਼ਮੀਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News