ਏਅਰ ਸਟਰਾਈਕ ਤੋਂ ਬਾਅਦ ਪਾਕਿ ਅਤੇ ਕਾਂਗਰਸ ਨੇ ਮਨਾਇਆ ਮਾਤਮ : ਅਮਿਤ ਸ਼ਾਹ

04/03/2019 6:07:10 PM

ਊਧਮਪੁਰ— ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨੈਸ਼ਨਲ ਕਾਨਫਰੰਸ, ਪੀ. ਡੀ. ਪੀ. ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਿੱਥੇ ਹੋਏ ਬਲੀਦਾਨ ਮੁਖਰਜੀ, ਉਹ ਕਸ਼ਮੀਰ ਸਾਡਾ ਹੈ, ਸਾਰਾ ਦਾ ਸਾਰਾ ਹੈ। ਦੱਸਣਯੋਗ ਹੈ ਕਿ ਊਧਮਪੁਰ ਲੋਕ ਸਭਾ ਸੀਟ ਤੋਂ ਮੋਦੀ ਸਰਕਾਰ ਦੇ ਮੰਤਰੀ ਜਿਤੇਂਦਰ ਸਿੰਘ ਉਮੀਦਵਾਰ ਹਨ। ਅਮਿਤ ਸ਼ਾਹ ਨੇ ਕਿਹਾ ਕਿ ਇਹੀ ਜੰਮੂ-ਕਸ਼ਮੀਰ ਹੈ, ਜਿੱਥੇ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਨੇ ਬਲੀਦਾਨ ਦੇ ਕੇ ਜੰਮੂ-ਕਸ਼ਮੀਰ ਨੂੰ ਭਾਰਤ ਨਾਲ ਅਟੁੱਟ ਬੰਧਨ ਨਾਲ ਬੱਝਣ ਦਾ ਕੰਮ ਕੀਤਾ ਹੈ। ਪੰਡਤ ਪ੍ਰੇਮਨਾਥ ਡੋਗਰਾ ਜੀ ਦੇ ਅੰਦੋਲਨ ਕਾਰਨ ਹੀ ਅੱਜ ਜੰਮੂ-ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ ਹੈ। ਮੋਦੀ-ਮੋਦੀ ਦੇ ਨਾਅਰਿਆਂ ਨਾਲ ਦੇਸ਼ ਦੀ ਜਨਤਾ ਇਹ ਦੱਸ ਰਹੀ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ।

ਨੈਸ਼ਨਲ ਕਾਨਫਰੰਸ, ਪੀ.ਡੀ.ਪੀ. ਅਤੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ 70 ਸਾਲਾਂ ਤੱਕ ਨੈਸ਼ਨਲ ਕਾਨਫਰੰਸ, ਪੀ. ਡੀ. ਪੀ. ਅਤੇ ਕਾਂਗਰਸ ਨੇ ਜੰਮੂ ਅਤੇ ਲੱਦਾਖ ਖੇਤਰ ਨਾਲ ਸੌਤੇਲਾ ਵਤੀਰਾ ਕੀਤਾ ਅਤੇ ਇਸ ਖੇਤਰ ਦਾ ਕਦੇ ਵਿਕਾਸ ਨਹੀਂ ਹੋਣ ਦਿੱਤਾ। ਜਦੋਂ ਕੇਂਦਰ 'ਚ ਯੂ. ਪੀ. ਏ. ਦੀ ਸਰਕਾਰ ਸੀ ਤਾਂ ਉਸ ਸਮੇਂ ਜੰਮੂ-ਕਸ਼ਮੀਰ ਨੂੰ ਵਿਕਾਸ ਲਈ ਸਿਰਫ਼ 98 ਹਜ਼ਾਰ ਕਰੋੜ ਰੁਪਏ ਮਿਲਦੇ ਸਨ ਪਰ ਜਦੋਂ ਕੇਂਦਰ 'ਚ ਮੋਦੀ ਸਰਕਾਰ ਆਈ ਤਾਂ ਅਸੀਂ 2 ਲੱਖ 74 ਹਜ਼ਾਰ 114 ਕਰੋੜ ਰੁਪਏ ਦੀ ਧਨ ਰਾਸ਼ੀ ਜੰਮੂ-ਕਸ਼ਮੀਰ ਦੇ ਵਿਕਾਸ ਲਈ ਦਿੱਤੀ। ਅਮਿਤ ਸ਼ਾਹ ਨੇ ਕਿਹਾ ਕਿ ਏਅਰ ਸਟਰਾਈਕ ਤੋਂ ਬਾਅਦ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਬਣ ਗਿਆ ਪਰ 2 ਜਗ੍ਹਾ ਮਾਤਮ ਵੀ ਮਨਾਇਆ ਜਾ ਰਿਹਾ ਸੀ, ਇਕ ਤਾਂ ਪਾਕਿਸਤਾਨ 'ਚ ਅਤੇ ਦੂਜਾ ਕਾਂਗਰਸ, ਨੈਸ਼ਨਲ ਕਾਨਫਰੰਸ, ਅਤੇ ਪੀ.ਡੀ.ਪੀ. ਦੇ ਦਫ਼ਤਰਾਂ 'ਚ। ਅੱਜ ਕਾਂਗਰਸ ਪ੍ਰੈੱਸ 'ਤੇ ਪਾਬੰਦੀਆਂ ਲਗਾਉਣ ਦਾ ਇਕ ਹੋਰ ਏਜੰਡਾ ਲੈ ਕੇ ਆਈ ਹੈ। ਐਮਰਜੈਂਸੀ ਦੇ ਸਮੇਂ ਅਖਬਾਰਾਂ ਅਤੇ ਦੂਰਦਰਸ਼ਨ 'ਤੇ ਤਾਲੇ ਲਗਾਉਣ ਵਾਲੀ ਕਾਂਗਰਸ ਫਿਰ ਤੋਂ ਐਮਰਜੈਂਸੀ ਦੇ ਹਾਲਤ ਪੈਦਾ ਕਰਨਾ ਚਾਹੁੰਦੀ ਹੈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਦੇਵਾਂ, ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ।


Tanu

Content Editor

Related News