90 ਫੀਸਦੀ ਪੁਲਸ ਕਰਮਚਾਰੀ ਕਰਦੇ ਹਨ 12 ਘੰਟੇ ਡਿਊਟੀ : ਅਮਿਤ ਸ਼ਾਹ
Monday, Oct 21, 2019 - 03:45 PM (IST)

ਨਵੀਂ ਦਿੱਲੀ— ਦਿੱਲੀ ਦੇ ਪੁਲਸ ਮੈਮੋਰੀਅਲ 'ਚ ਪੁਲਸ ਸਮਰਿਤੀ ਦਿਵਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੁਲਸ ਦਾ ਕੰਮ ਅਸੀਂ ਆਮ ਨਜ਼ਰ ਨਾਲ ਦੇਖਦੇ ਹਾਂ ਤਾਂ ਹਰ ਸਰਕਾਰੀ ਕੰਮ ਦੀ ਤਰ੍ਹਾਂ ਉਹ ਆਮ ਹੀ ਦਿਖਾਈ ਦਿੰਦਾ ਹੈ ਪਰ ਅਸਲ 'ਚ ਅਜਿਹਾ ਨਹੀਂ ਹੈ। ਉਨ੍ਹਾਂ ਨੇ ਕਿਹਾ,''ਪੁਲਸ ਫੋਰਸ ਦਾ ਭਾਵੇਂ ਸਰਹੱਦਾਂ ਦੀ ਸੁਰੱਖਿਆ ਦਾ ਕੰਮ ਹੋਵੇ ਜਾਂ ਫਿਰ ਸੜਕ 'ਤੇ ਟਰੈਫਿਕ ਨਿਯਮ ਨੂੰ ਚਲਾਉਣਾ, ਡਰੱਗਜ਼ ਅਤੇ ਹਵਾਲਾ ਕਾਰੋਬਾਰ ਨਾਲ ਦੇਸ਼ ਦੀ ਅਰਥਤੰਤਰ ਨੂੰ ਖਤਮ ਕਰਨ ਵਾਲੇ ਅਤੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਖੋਖਲਾ ਕਰਨ ਵਾਲਿਆਂ ਵਿਰੁੱਧ ਲੜਾਈ ਲੜਨ ਦਾ ਕੰਮ, ਇਹ ਸਭ ਪੁਲਸ ਫੋਰਸ ਦੇ ਜਵਾਨ ਹੀ ਕਰਦੇ ਹਨ।'' ਉਨ੍ਹਾਂ ਨੇ ਕਿਹਾ,''ਫਿਰਕੂ ਦੰਗਿਆਂ ਤੋਂ ਮੁਕਤ ਕਰਵਾ ਕੇ ਸ਼ਾਂਤੀ ਦੀ ਦਿਸ਼ਾ 'ਚ ਅੱਗੇ ਲਿਜਾਉਣਾ, ਪੂਰਬ-ਉੱਤਰ ਦੇ ਅੰਦਰ ਅੱਤਵਾਦ ਦੇ ਨਾਲ-ਨਾਲ ਸੰਘਰਸ਼ ਕਰ ਕੇ ਸ਼ਾਂਤੀ ਬਹਾਲ ਰੱਖਣਾ, ਨਕਸਲ ਪ੍ਰਭਾਵਿਤ ਖੇਤਰਾਂ 'ਚ ਵਿਕਾਸ ਨੂੰ ਵਧਾਉਣ 'ਚ ਵੀ ਪੁਲਸ ਅਤੇ ਨੀਮ ਫੌਜੀ ਫੋਰਸਾਂ ਦਾ ਹੀ ਕੰਮ ਰਿਹਾ ਹੈ।''
ਹੁਣ ਤੱਕ 34,844 ਪੁਲਸ ਕਰਮਚਾਰੀ ਹੋਏ ਸ਼ਹੀਦ
ਅਮਿਤ ਸ਼ਾਹ ਨੇ ਪੁਲਸ ਫੋਰਸ 'ਤੇ ਬੋਲਦੇ ਹੋਏ ਕਿਹਾ,''ਜੰਮੂ-ਕਸ਼ਮੀਰ 'ਚ ਅੱਤਵਾਦ ਵਿਰੁੱਧ ਲੜਾਈ ਲੜ ਕੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਤੁਹਾਡਾ ਹੀ ਕੰਮ ਕਰ ਰਿਹਾ ਹੈ। ਹੁਣ ਤੱਕ 34,844 ਪੁਲਸ ਕਰਮਚਾਰੀਆਂ ਨੇ ਆਪਣੇ ਕਰਤੱਵ ਨਿਭਾਉਂਦੇ ਹੋਏ ਸ਼ਹਾਦਤ ਦਿੱਤੀ ਹੈ। ਅੱਜ ਕਈ ਅਜਿਹੇ ਮੌਕੇ ਹਨ, ਜਿੱਥੇ ਪੁਲਸ ਕਰਮਚਾਰੀਆਂ ਨੇ ਆਪਣੀ ਜਾਨ ਦਾ ਬਲੀਦਾਨ ਦੇ ਕੇ ਦੇਸ਼ ਨੂੰ ਸੁਰੱਖਿਅਤ ਕੀਤਾ ਹੈ। ਮੈਂ ਅੱਜ ਉਨ੍ਹਾਂ ਸਾਰੇ ਪੁਲਸ ਕਰਮਚਾਰੀਆਂ ਨੂੰ ਦੇਸ਼ ਵਲੋਂ ਸ਼ਰਧਾਂਜਲੀ ਦਿੰਦਾ ਹਾਂ।''
ਪੁਲਸ ਕਾਰਨ ਹੀ ਦੇਸ਼ ਸੁਰੱਖਿਅਤ ਹੈ
ਸ਼ਾਹ ਨੇ ਕਿਹਾ,''ਅੱਜ ਇਹ ਜੋ ਪੁਲਸ ਸਮਾਰਕ ਬਣਿਆ ਹੈ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਨੂੰ ਬਣਾਉਣ ਦੇ ਪਿੱਛੇ ਆਪਣੀ ਇਕ ਸੋਚ ਅਤੇ ਭੂਮਿਕਾ ਰੱਖੀ ਸੀ। ਅੱਜ ਮੈਂ ਦੇਸ਼ ਭਰ ਦੇ ਸਾਰੇ ਪੁਲਸ ਕਰਮਚਾਰੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਜੋ ਪੁਲਸ ਸਮਾਰਕ ਬਣਿਆ ਹੈ, ਉਹ ਪੁਲਸ ਸਮਾਰਕ ਨਾ ਸਿਰਫ਼ ਸਮਾਰਕ ਬਣ ਕੇ ਰਹੇਗਾ, ਸਗੋਂ ਇੱਥੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਪੁਲਸ ਦੇ ਬਲੀਦਾਨਾਂ ਦੀ ਗਾਥਾ ਸੁਣਾਉਣ ਦਾ ਕੰਮ ਕਰੇਗਾ।'' ਉਨ੍ਹਾਂ ਨੇ ਕਿਹਾ,''ਦੇਸ਼ ਭਰ ਦੇ ਬੱਚੇ ਅਤੇ ਟੂਰਿਸਟ ਇਸ ਥਾਂ ਨੂੰ ਤੀਰਥ ਸਥਾਨ ਮੰਨ ਕੇ ਸ਼ਹੀਦ ਪੁਲਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਆਉਣਗੇ। ਇਸ ਤਰ੍ਹਾਂ ਨਾਲ ਪੂਰੇ ਸਮਾਰਕ ਦੀ ਗਰਿਮਾ ਬਣਾਉਣ ਲਈ ਸਰਕਾਰ ਕਈ ਤਰੀਕੇ ਦੇ ਆਯੋਜਨ ਵੀ ਕਰ ਰਹੀ ਹੈ, ਕਿਉਂਕਿ ਪੁਲਸ ਕਾਰਨ ਹੀ ਦੇਸ਼ ਸੁਰੱਖਿਅਤ ਹੈ।''
90 ਫੀਸਦੀ ਪੁਲਸ 12 ਘੰਟੇ ਤੋਂ ਵਧ ਕੰਮ ਕਰਦੇ ਹਨ
ਅਮਿਤ ਸ਼ਾਹ ਨੇ ਕਿਹਾ,''ਇਕ ਲੱਖ ਦੀ ਜਨਸੰਖਿਆ ਦੇ ਪਿੱਛੇ 144 ਪੁਲਸ ਕਰਮਚਾਰੀ ਹੈ ਅਤੇ ਆਦਰਸ਼ ਸਥਿਤੀ 222 ਦੀ ਹੋਣੀ ਚਾਹੀਦੀ ਹੈ। ਇਸ ਦੇ ਕਾਰਨ 90 ਫੀਸਦੀ ਪੁਲਸ ਕਰਮਚਾਰੀ ਲਗਭਗ 12 ਘੰਟੇ ਤੋਂ ਵਧ ਕੰਮ ਕਰਦੇ ਹਨ ਅਤੇ ਤਿੰਨ ਚੌਥਾਈ ਤੋਂ ਵਧ ਪੁਲਸ ਕਰਮਚਾਰੀ ਹਫਤਾਵਾਰ ਛੁੱਟੀ ਨਹੀਂ ਲੈਂਦੇ ਹਨ। ਇਹ ਸਾਰੀਆਂ ਕਠਿਨਾਈਆਂ ਨੂੰ ਜਨਤਾ ਦੇ ਸਾਹਮਣੇ ਰੱਖਣਾ ਅਤੇ ਜਾਣਨਾ ਵੀ ਜ਼ਰੂਰੀ ਹੈ।''