ਅਮਿਤ ਸ਼ਾਹ ਨੇ ਦਿੱਲੀ ਸਮਾਗਮ ’ਚ ਸਿਰਸਾ ਦੀ ਪਿੱਠ ਥਾਪੜਨ ਨਾਲ ਸਿਰਸਾ ਦਾ ਸਿੱਖ ਭਾਈਚਾਰੇ ’ਚ ਕੱਦ ਵਧਿਆ

10/15/2023 1:57:35 PM

ਨਵੀਂ ਦਿੱਲੀ, (ਜ.ਬ.)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਨਮਾਨ ਲਈ ਆਯੋਜਿਤ ਕੀਤੇ ਗਏ ਸ਼ਾਨਦਾਰ ਸਮਾਗਮ ਵਿਚ ਸ੍ਰੀ ਅਮਿਤ ਸ਼ਾਹ ਵੱਲੋਂ ਹਜ਼ਾਰਾਂ ਸਿੱਖਾਂ ਸਾਹਮਣੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਪਿੱਠ ਥਾਪੜਣ ਨਾਲ ਸਿਰਸਾ ਦਾ ਸਿੱਖ ਭਾਈਚਾਰੇ ਵਿਚ ਕੱਦ ਬਹੁਤ ਵੱਧ ਗਿਆ ਹੈ।

ਇਸ ਸਮਾਗਮ ਵਿਚ ਜਿਥੇ ਸ. ਤਰਲੋਚਨ ਸਿੰਘ ਸਾਬਕਾ ਐੱਮ ਪੀ ਵਰਗੇ ਬੁਲਾਰਿਆਂ ਨੇ ਭਾਜਪਾ ਵੱਲੋਂ ਮਨਜਿੰਦਰ ਸਿੰਘ ਸਿਰਸਾ ਦੀ ਡਿਊਟੀ ਪੰਜਾਬ ਤੋਂ ਬਾਹਰਲੇ ਸਿੱਖਾਂ ਨਾਲ ਸੰਪਰਕ ਵਧਾਉਣ ’ਤੇ ਲਗਾਉਣ ਨੂੰ ਬਹੁਤ ਸਫਲ ਤਜਰਬਾ ਕਰਾਰ ਦਿੱਤਾ, ਉਥੇ ਹੀ ਹਾਲ ਹੀ ’ਚ ਸਿਰਸਾ ਵੱਲੋਂ ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਵਿਚ ਦੌਰੇ ਸਮੇਂ ਉਨ੍ਹਾਂ ਦਾ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤੇ ਜਾਣ ਦੀ ਚਰਚਾ ਵੀ ਸਮਾਗਮ ਵਿਚ ਖੂਬ ਹੋਈ।

ਸਮਾਗਮ ਵਿਚ ਜਦੋਂ ਸ੍ਰੀ ਅਮਿਤ ਸ਼ਾਹ ਦੇ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਆਪਣੀ ਗੱਲ ਹੀ ਇਥੋਂ ਸ਼ੁਰੂ ਕੀਤੀ ਕਿ ਉਹ ਤਾਂ ਮਨਜਿੰਦਰ ਸਿੰਘ ਸਿਰਸਾ ਨੂੰ ਸਨਮਾਨਤ ਕਰਨ ਆਏ ਸਨ ਤੇ ਉਲਟਾ ਸਿਰਸਾ ਨੇ ਉਨ੍ਹਾਂ ਨੂੰ ਸਨਮਾਨਤ ਕਰਵਾ ਦਿੱਤਾ। ਅਮਿਤ ਸ਼ਾਹ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਨੂੰ ਵਿਸ਼ੇਸ਼ ਬੇਨਤੀ ਕੀਤੀ ਤੇ ਉਨ੍ਹਾਂ ਨਾਲ ਰਲ ਕੇ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਸਨਮਾਨ ਕੀਤਾ।

ਸ੍ਰੀ ਅਮਿਤ ਸ਼ਾਹ ਨੇ ਜਦੋਂ ਹਜ਼ਾਰਾਂ ਲੋਕਾਂ ਸਾਹਮਣੇ ਇਹ ਆਖਿਆ ਕਿ ਮਨਜਿੰਦਰ ਸਿੰਘ ਸਿਰਸਾ ਹੀ ਸਿੱਖ ਭਾਈਚਾਰੇ ਦੇ ਸਭ ਤੋਂ ਚੰਗੇ ਵਕੀਲ ਤੇ ਆਉਂਦੇ ਸਮੇਂ ਵਿਚ ਸਿੱਖਾਂ ਦੇ ਸਭ ਤੋਂ ਵੱਡੇ ਬੁਲਾਰੇ ਬਣਨ ਵਾਲੇ ਹਨ ਤਾਂ ਖਚਾਖਚ ਭਰੇ ਹਾਲ ’ਚ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਪਏ। ਇੰਨਾ ਹੀ ਨਹੀਂ ਸਗੋਂ ਅਮਿਤ ਸ਼ਾਹ ਨੇ ਇਹ ਵੀ ਦੱਸਿਆ ਕਿ ਭਾਜਪਾ ਦੇ ਸਿਰਫ 9 ਕੌਮੀ ਸਕੱਤਰ ਹਨ ਜਿਨ੍ਹਾਂ ’ਚੋਂ ਇਕ ਮਨਜਿੰਦਰ ਸਿੰਘ ਸਿਰਸਾ ਹਨ।

ਬਿਨਾਂ ਸ਼ੱਕ ਇਸ ਸਮਾਗਮ ਨੇ ‌ਸਿਰਸਾ ਦੀ ਸਿੱਖ ਭਾਈਚਾਰੇ ਵਿਚ ਸਾਖ਼ ਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦੇ ਕੱਦ ਵਿਚ ਵਾਧਾ ਕੀਤਾ ਹੈ।


Rakesh

Content Editor

Related News